ਕੋਟਕਪੂਰਾ, 4 ਮਾਰਚ,ਬੋਲੇ ਪੰਜਾਬ ਬਿਊਰੋ :
ਕੋਟਕਪੂਰਾ ਦੇ ਪਿੰਡ ਨਾਨਕਸਰ ’ਚ ਅਵਾਰਾ ਕੁੱਤਿਆਂ ਨੇ ਇੱਕ 3 ਸਾਲਾ ਮਾਸੂਮ ਬੱਚੀ ’ਤੇ ਹਮਲਾ ਕਰਕੇ ਦਹਿਸ਼ਤ ਪੈਦਾ ਕਰ ਦਿੱਤੀ। ਰੂਹੀ, ਪੁੱਤਰੀ ਪ੍ਰਵੀਨ ਕੁਮਾਰ, ਪਿੰਡ ਦੀ ਇੱਕ ਦੁਕਾਨ ਤੋਂ ਵਾਪਸ ਆ ਰਹੀ ਸੀ, ਜਦੋਂ ਕੁੱਤਿਆਂ ਨੇ ਉਸ ਨੂੰ ਘੇਰ ਲਿਆ।
ਬੱਚੀ ਦਾ ਚੀਕ-ਚਿਹਾੜਾ ਸੁਣ ਕੇ ਗੁਆਂਢੀਆਂ, ਦਰਜੀ ਅਰਵਿੰਦਰ ਸਿੰਘ ਅਤੇ ਕਿਰਨਾ ਰਾਣੀ ਨੇ ਬਹੁਤ ਜੱਦੋ-ਜਹਿਦ ਕਰਕੇ ਉਸ ਨੂੰ ਬਚਾਇਆ। ਪਰਿਵਾਰ ਵਲੋਂ ਤੁਰੰਤ ਬੱਚੀ ਨੂੰ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੱਤਾਂ, ਬਾਹਾਂ ਅਤੇ ਚਿਹਰੇ ‘ਤੇ ਗੰਭੀਰ ਜ਼ਖਮ ਹਨ।
ਸਰਪੰਚ ਸੁਖਮੰਦਰ ਸਿੰਘ ਅਤੇ ਸਮਾਜਸੇਵੀ ਸੁਖਦੇਵ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ’ਚ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਕਾਬੂ ਪਾਇਆ ਜਾਵੇ।
