ਪਹਿਲੀ ਅਤੇ ਦੋ ਮਾਰਚ ਨੂੰ ਹੋਵੇਗਾ ਉਤਸਵ
ਏ ਡੀ ਸੀ ਅਨਮੋਲ ਧਾਲੀਵਾਲ ਅਤੇ ਸੋਨਮ ਚੌਧਰੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਦੋਵਾਂ ਦਿਨਾਂ ਦੌਰਾਨ ਲਗਪਗ 34 ਈਵੈਂਟਸ ਦੇ ਆਯੋਜਨ ਲਈ ਪ੍ਰਬੰਧ
ਉਤਸਵ ਲਈ ਖੁੱਲ੍ਹਾ ਸੱਦਾ, ਕੋਈ ਐਂਟਰੀ ਫ਼ੀਸ ਨਹੀਂ- ਏ ਡੀ ਸੀ
ਐਸ.ਏ.ਐਸ.ਨਗਰ, 28 ਫਰਵਰੀ ,ਬੋਲੇ ਪੰਜਾਬ ਬਿਊਰੋ:
ਸੋਨਮ ਚੌਧਰੀ, ਏ ਡੀ ਸੀ (ਪੇਂਡੂ ਵਿਕਾਸ) ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਮਿਤ ਸਿੰਘ ਨਗਰ ਵੱਲੋਂ ਸੂਬੇ ਦੇ ਪਹਿਲੇ ਘੋੜ ਸਵਾਰੀ ਉਤਸਵ ਜੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਦ ਰੈਂਚ, ਗੇਟ ਨੰਬਰ 4, ਫੋਰੈਸਟ ਹਿੱਲ ਰਿਜ਼ੋਰਟ, ਪਿੰਡ ਕਰੌਰਾਂ ਵਿਖੇ ਇਕ ਅਤੇ ਦੋ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਏ.ਡੀ.ਸੀ.(ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਦੇ ਨਾਲ ਉਤਸਵ ਲਈ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਏ.ਡੀ.ਸੀ. ਚੌਧਰੀ ਨੇ ਸਮੂਹ ਅਧਿਕਾਰੀਆਂ ਅਤੇ ਸਲਾਹਕਾਰ ਏਜੰਸੀ ਨੂੰ ਅੱਜ ਸ਼ਾਮ ਤੱਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਭਲਕੇ (1 ਮਾਰਚ) ਤੋਂ ਸ਼ੁਰੂ ਹੋਣ ਵਾਲੇ ਇਸ ਨਿਵੇਕਲੇ ਅਤੇ ਵਿਲੱਖਣ ਉਤਸਵ ਦੌਰਾਨ ਦੋਵਾਂ ਦਿਨਾਂ ਦੌਰਾਨ ਲਗਪਗ 34 ਈਵੈਂਟ ਹੋਣੇ ਹਨ। ਉਨ੍ਹਾਂ ਦੱਸਿਆ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਲੱਖਣ ਉਤਸਵ ਦਾ ਆਯੋਜਨ ਕੀਤਾ ਗਿਆ ਹੈ।
ਵੱਖ-ਵੱਖ ਮੁਕਾਬਲਿਆਂ ਅਤੇ ਹੋਰ ਸਮਾਗਮਾਂ ਤੋਂ ਇਲਾਵਾ ਸੱਭਿਆਚਾਰਕ ਵੰਨਗੀਆਂ ਵੀ ਮੇਲੇ ਦਾ ਹਿੱਸਾ ਹੋਣਗੀਆਂ। ਉੱਤਰੀ ਜ਼ੋਨ ਕਲਚਰਲ ਸੈਂਟਰ ਦੀਆਂ ਟੀਮਾਂ ਦਿਨ ਦੇ ਸਮੇਂ ਵਿੱਚ ਪੇਸ਼ਕਾਰੀ ਕਰਨਗੀਆਂ ਜਦੋਂ ਕਿ ਪੰਜਾਬ ਦੇ ਨਾਮਵਰ ਗਾਇਕ ਮੀਤ ਕੌਰ ਅਤੇ ਦਿਲਪ੍ਰੀਤ ਢਿੱਲੋਂ ਕ੍ਰਮਵਾਰ ਪਹਿਲੇ ਅਤੇ ਦੂਜੇ ਦਿਨ ਦਰਸ਼ਕਾਂ ਦਾ ਮਨ ਮੋਹ ਲੈਣਗੇ।
ਪਹਿਲੇ ਦਿਨ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟੀਮ ਲਾਂਸ ਟੈਂਟ ਪੈਗਿੰਗ, ਸਿਕਸ ਬਾਰ ਜੰਪਿੰਗ, ਸਵੋਰਡ ਇੰਡੀਵਿਜੁਅਲ ਟੈਂਟ ਪੈਗਿੰਗ, ਹਾਰਸ ਡਾਂਸ ਮੁਕਾਬਲਾ, ਫੈਸ਼ਨ ਸ਼ੋਅ, ਡਰੈਸੇਜ ਪ੍ਰੀਲੀਮਿਨਰੀ, ਓਪਨ ਹੈਕਸ, ਫਰੀਅਰ ਟੈਸਟ, ਮਿਲਕ ਟੀਥ ਫਿਲੀ ਰਿੰਗ, ਹਾਰਸ ਡਿਸਪਲੇ, ਮਿਲਕ ਟੀਥ ਕੋਲਟ ਰਿੰਗ ਅਤੇ ਫੈਸ਼ਨ ਸ਼ੋਅ ਪਹਿਲੇ ਦਿਨ ਦਾ ਹਿੱਸਾ ਹੋਣਗੇ।
ਦੂਸਰੇ ਦਿਨ ਲਾਂਸ ਵਿਅਕਤੀਗਤ ਟੈਂਟ ਪੈਗਿੰਗ, ਸ਼ੋਅ ਜੰਪਿੰਗ ਡਰਬੀ, ਸਵੋਰਡ ਟੀਮ ਟੈਂਟ ਪੈਗਿੰਗ, ਫੈਂਸੀ ਡਰੈੱਸ, ਫਾਈਨਲ ਰਨ ਸਵੋਰਡ ਟੀਮ, ਮੈਡਲੇ ਰਿਲੇ, ਮੈਡਲ ਸਮਾਰੋਹ, ਡਰੈਸੇਜ ਐਲੀਮੈਂਟਰੀ, ਸ਼ੋਅ ਜੰਪਿੰਗ ਗਰੁੱਪ 1-2-3, ਪੋਲ ਬੈਂਡਿੰਗ ਰੇਸ, ਬਾਲ ਅਤੇ ਬਕੇਟ ਡਿਸਪਲੇਅ, ਸਟਾਲੀਅਨ ਨੁਕਰਾ ਰਿੰਗ, ਘੋੜੀ ਮਾਰਵਾੜੀ ਰਿੰਗ, ਹਾਰਸ ਡਿਸਪਲੇ, ਸਟਾਲੀਅਨ ਮਾਰਵਾੜੀ ਰਿੰਗ, 2 ਮਾਰਚ ਨੂੰ ਹੋਣਗੇ।
ਇਸ ਮੌਕੇ ਡੀ.ਐਸ.ਪੀ ਨਵੀਨਪਾਲ ਸਿੰਘ ਲੇਹਲ, ਹਰਜਿੰਦਰ ਸਿੰਘ ਖੋਸਾ, ਦਪਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।