ਸ਼੍ਰੀ ਹਰਿਗੋਬਿੰਦਪੁਰ ਸਾਹਿਬ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਵਿਦੇਸ਼ ਜਾਣ ਦਾ ਸੁਪਨਾ ਸੀ, ਪਰ ਹਕੀਕਤ ‘ਚ ਏਅਰਪੋਰਟ ਤੋਂ ਹੀ ਜੇਲ੍ਹ ਚਲਾ ਗਿਆ– ਇਹ ਕਹਾਣੀ ਹੈ ਸ਼੍ਰੀ ਹਰਿਗੋਬਿੰਦਪੁਰ ਸਾਹਿਬ ਦੇ ਘੁਮਾਣ ਕਸਬੇ ਦੇ ਨੌਜਵਾਨ ਲਾਭਦੀਪ ਸਿੰਘ ਦੀ, ਜੋ ਮੁੰਬਈ ਏਅਰਪੋਰਟ ‘ਤੇ ਗ੍ਰਿਫਤਾਰ ਹੋ ਗਿਆ।
12 ਫਰਵਰੀ ਨੂੰ ਘਰੋਂ ਰਵਾਨਾ ਹੋਏ ਲਾਭਦੀਪ ਨੇ 16 ਫਰਵਰੀ ਨੂੰ ਆਬੂਧਾਬੀ ਉਡਾਣ ਭਰਨੀ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਦੌਰਾਨ ਉਸ ਨੂੰ ਰੋਕ ਲਿਆ। ਮਸਲਾ ਇਹ ਸੀ ਕਿ ਪਾਸਪੋਰਟ ‘ਚ “ਅਨਪੜ੍ਹ” ਲਿਖਿਆ ਸੀ, ਪਰ ਜਦੋਂ ਦਸਤਖਤ ਕਰਵਾਏ, ਤਾਂ ਉਸ ਨੇ ਪੰਜਾਬੀ ਵਿੱਚ ਕਰ ਦਿੱਤੇ।
ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ ਕਿ ਪਾਸਪੋਰਟ ਦੀ ਜਾਣਕਾਰੀ ‘ਚ ਕੋਈ ਗੜਬੜ ਹੋ ਸਕਦੀ ਹੈ। ਫੌਰੀ ਤੌਰ ‘ਤੇ ਉਸ ਨੂੰ ਧੋਖਾਧੜੀ ਦੇ ਦੋਸ਼ ‘ਚ ਫੜ ਕੇ ਮੁੰਬਈ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਲਾਭਦੀਪ ਦੀ ਮਾਤਾ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪਤੀ ਗੁਰਮੁਖ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਦੀ ਜ਼ਿੰਮੇਵਾਰੀ ਉਸਦੇ ਮੱਥੇ ਆ ਗਈ। ਉਸਦੇ ਦੋ ਧੀਆਂ ਹਨ, ਜਿਨ੍ਹਾਂ ‘ਚੋਂ ਇੱਕ ਵਿਧਵਾ ਹੈ।
ਉਸ ਨੇ ਦੱਸਿਆ ਕਿ ਉਮੀਦ ਸੀ ਕਿ ਪੁੱਤਰ ਵਿਦੇਸ਼ ਜਾ ਕੇ ਚੰਗਾ ਭਵਿੱਖ ਬਣਾ ਲਏਗਾ। ਲੋਕਾਂ ਤੋਂ 70 ਹਜ਼ਾਰ ਰੁਪਏ ਉਧਾਰ ਲਏ, ਪਰ ਕਿਸਮਤ ਨੇ ਵੱਡਾ ਝਟਕਾ ਦੇ ਦਿੱਤਾ।
ਹੁਣ ਉਹ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਕੋਲ ਪੁੱਤਰ ਦੀ ਰਿਹਾਈ ਲਈ ਅਪੀਲ ਕਰ ਰਹੀ ਹੈ।
