ਖੇਤਰੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ: ਰੰਜਨ ਤਰਫਦਾਰ
ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਚੰਡੀਗੜ੍ਹ, 27 ਫਰਵਰੀ;
ਐਸਬੀਪੀ ਗਰੁੱਪ ਦੇ ਅਧੀਨ ਐਸਆਈਈਐਲ ਕੰਪਨੀ ਵਿਖੇ ਹਾਲ ਹੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਜਿਸ ਵਿੱਚ ਕੰਪਨੀ ਦੇ ਅਧਿਕਾਰੀ, ਕਰਮਚਾਰੀ ਅਤੇ ਜ਼ਮੀਨਾਂ ਵਾਲੇ ਲਗਭਗ 1500 ਕਿਸਾਨਾਂ ਨੇ ਸ਼ਰਧਾ ਨਾਲ ਹਿੱਸਾ ਲਿਆ।
ਸਮਾਗਮ ਦੌਰਾਨ ਕਿਸਾਨਾਂ ਨੇ ਭਵਿੱਖ ਵਿੱਚ ਆਪਣੀ ਅਗਲੀ ਪੀੜ੍ਹੀ ਲਈ ਸੰਭਾਵਿਤ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਐਸਬੀਪੀ ਗਰੁੱਪ ਨਾਲ ਮਜ਼ਬੂਤ ਸਹਿਯੋਗ ਅਤੇ ਵਿਸ਼ਵਾਸ ਬਣਾਈ ਰੱਖਣ ਦੀ ਇੱਛਾ ਪ੍ਰਗਟ ਕੀਤੀ।
ਐਸਬੀਪੀ ਗਰੁੱਪ ਦੇ ਸੀਓਓ ਰੰਜਨ ਤਰਫਦਾਰ ਨੇ ਇਸ ਮੌਕੇ ਦੱਸਿਆ ਕਿ ਰਾਜਪੁਰੇ ਵਿੱਚ ਸਥਿਤ ਇਸ ਜਗਹਾ ਉੱਤੇ ਉਦਯੋਗਿਕ ਇਕਾਈਆਂ ਦਾ ਪਸਾਰ ਕੀਤਾ ਜਾਏਗਾ। ਸਾਡੀ ਕੰਪਨੀ ਹਮੇਸ਼ਾ ਸਮਾਜ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਵਿਕਾਸ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਸਮਾਗਮ ਆਪਸੀ ਸਦਭਾਵਨਾ, ਭਾਈਚਾਰਾ ਅਤੇ ਤਾਲਮੇਲ ਵਧਾਉਣ ਵੱਲ ਸਾਡਾ ਇੱਕ ਮਹੱਤਵਪੂਰਨ ਕਦਮ ਹੈ। ਆਪਸੀ ਸਮਝ ਅਤੇ ਭਾਈਚਾਰਕ ਸਾਂਝ ਨੂੰ ਵਧੇਰੇ ਮਜ਼ਬੂਤ ਕਰਨ ਲਈ ਕੰਪਨੀ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਪ੍ਰੋਗਰਾਮ ਕਰਦੀ ਰਹੇਗੀ।