ਜਿਹੜੇ ਮੁਲਾਜ਼ਮ ਲੰਬੇ ਸਮੇਂ ਤੋਂ ਇੱਕੋ ਸੀਟ ‘ਤੇ ਬੈਠੇ ਹਨ ਉਨ੍ਹਾਂ ਦੇ ਫੇਰਬਦਲ ਲਈ ਜਲਦ ਗੌਰ ਕਰਾਂਗੇ
ਚੰਡੀਗੜ੍ਹ, 25 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਦੇ ਬਲਾਕ ਸੰਮਤੀ ਦਫਤਰਾਂ ਵਿੱਚ ਤਾਇਨਾਤ ਅਮਲੇ ਦੀਆਂ ਬਦਲੀਆਂ ਵੀ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਹਨ।
ਵਿਧਾਇਕ ਜੰਗੀ ਲਾਲ ਮਹਾਜਨ ਨੇ ਸਵਾਲ ਪੁੱਛਿਆ ਸੀ ਕਿ ਰਾਜ ਦੇ ਬਲਾਕ ਸੰਮਤੀਆਂ ਦੇ ਦਫ਼ਤਰਾਂ ਵਿੱਚ ਤੈਨਾਤ ਅਮਲੇ ਦੀ ਸਰਕਾਰ ਵੱਲੋਂ ਕਦੇ ਬਦਲੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇੱਥੇ ਰਿਸ਼ਵਤਖੋਰੀ ਨੂੰ ਬੜਾਵਾ ਮਿਲਦਾ ਹੈ। ਇਸ ਦੇ ਜਵਾਬ ਵਿੱਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਇੱਕੋ ਸੀਟ ‘ਤੇ ਬੈਠੇ ਹਨ ਉਨ੍ਹਾਂ ਦੇ ਫੇਰਬਦਲ ਲਈ ਜਲਦ ਗੌਰ ਕੀਤਾ ਜਾਵੇਗਾ।
ਉਨ੍ਹਾਂ ਵਿਧਾਨ ਸਭਾ ਦੇ ਮੈਂਬਰਾਂ ਨੂੰ ਦੱਸਿਆ ਕਿ ਬਲਾਕ ਸੰਮਤੀਆਂ ਵਿੱਚ ਤੈਨਾਤ ਸੰਮਤੀ ਸਾਈਡ ਦੇ ਕਰਮਚਾਰੀਆਂ ਦੀ ਸਮਰੱਥ ਨਿਯੁਕਤੀ/ਸਜ਼ਾ ਅਥਾਰਟੀ ਸਬੰਧਤ ਸੰਮਤੀ ਹੁੰਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਜਿਵੇਂ ਕਿ ਸੁਪਰਡੰਟ ਗ੍ਰੇਡ 2, ਟੈਕਸ ਕੁਲੈਕਟਰ, ਪੰਚਾਇਤ ਸਕੱਤਰ ਅਤੇ ਪੰਚਾਇਤ ਅਫਸਰਾਂ ਦੀਆਂ ਬਦਲੀਆਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਪੱਧਰ ‘ਤੇ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੰਮਤੀ ਦੇ ਕਰਮਚਾਰੀਆਂ ਜਿਵੇਂ ਕਿ ਕਲਰਕ, ਸੇਵਾਦਾਰ ਅਤੇ ਡਰਾਇਵਰ ਆਦਿ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਦੇ ਕੇਸ ਵੀ ਸਰਕਾਰ ਪੱਧਰ ‘ਤੇ ਵਿਚਾਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਮਤੀ ਦੇ ਬਾਕੀ ਕਰਮਚਾਰੀਆਂ ਦੀਆਂ ਬਦਲੀਆਂ ਉਨ੍ਹਾਂ ਦੇ ਜ਼ਿਲੇ ਅੰਦਰ ਹੀ ਉਨ੍ਹਾਂ ਦੀ ਸਮਰੱਥ ਅਥਾਰਟੀ ਵੱਲੋਂ ਕੀਤੀਆਂ ਜਾਂਦੀਆਂ ਹਨ।