ਅਬੋਹਰ, 20 ਫਰਵਰੀ,ਬੋਲੇ ਪੰਜਾਬ ਬਿਊਰੋ :
ਅਬੋਹਰ ਤਹਿਸੀਲ ਦੇ ਪਿੰਡ ਕੱਲਰਖੇੜਾ ਵਿੱਚ ਸਰਪੰਚ ਪੁਨਮ ਦੇ ਪਤੀ ਸ਼ੰਕਰ ਲਾਲ (35) ਦੀ ਅੱਜ ਵੀਰਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਸ਼ੁਰੂਆਤੀ ਜਾਣਕਾਰੀ ਮੁਤਾਬਕ ਪਿੰਡ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਪੰਚਾਇਤ ਚੱਲ ਰਹੀ ਸੀ। ਇਸ ਦੌਰਾਨ ਵਿਵਾਦ ਹੋਣ ’ਤੇ ਮਨੋਜ ਕੁਮਾਰ ਨੇ ਗੁੱਸੇ ਵਿੱਚ ਆ ਕੇ ਗੋਲੀ ਚਲਾ ਦਿੱਤੀ। ਗੋਲੀ ਸ਼ੰਕਰ ਲਾਲ ਨੂੰ ਲੱਗੀ, ਜਿਸ ਕਾਰਣ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਸ਼੍ਰੀਗੰਗਾਨਗਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਗੋਲੀ ਚਲਾਉਣ ਵਾਲਾ ਮਨੋਜ ਕੁਮਾਰ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਦੱਸਿਆ ਜਾ ਰਿਹਾ ਹੈ। ਉਧਰ, ਸਰਪੰਚ ਵੀ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ।ਜਿਵੇਂ ਹੀ ਸੂਚਨਾ ਮਿਲੀ, ਥਾਣਾ ਖੁਈਆਂ ਸਰਵਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ੰਕਰ ਲਾਲ ਦੇ ਪਰਿਵਾਰ ਵਿੱਚ ਅੱਜ ਸ਼ਾਮ ਵਿਆਹ ਸੀ, ਪਰ ਇਹ ਘਟਨਾ ਹੋਣ ਕਾਰਣ ਪਰਿਵਾਰ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।
