ਪਟਿਆਲਾ, 20 ਫ਼ਰਵਰੀ,ਬੋਲੇ ਪੰਜਾਬ ਬਿਊਰੋ ;
ਅਬਲੋਵਾਲ ਪਿੰਡ ਕੋਲ ਭਾਖੜਾ ਨਹਿਰ ‘ਚ ਬੀਤੇ ਦਿਨ ਇੱਕ 12ਵੀਂ ਜਮਾਤ ਦੀ ਵਿਦਿਆਰਥਣ, ਜੋ ਬਾਬੂ ਸਿੰਘ ਕਾਲੋਨੀ ਦੀ ਰਹਿਣ ਵਾਲੀ ਹੈ, ਨੇ ਅਚਾਨਕ ਛਾਲ ਮਾਰ ਦਿੱਤੀ। ਇਸ ਦੌਰਾਨ ਕੁਝ ਹੀ ਦੂਰੀ ’ਤੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਨੂੰ ਬਾਹਰ ਕੱਢ ਲਿਆ।
ਜਿਵੇਂ ਹੀ ਇਹ ਖ਼ਬਰ ਪਰਿਵਾਰ ਤਕ ਪੁੱਜੀ, ਉਹ ਵੀ ਮੌਕੇ ’ਤੇ ਦੌੜੇ ਆਏ। ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਆਪਣੀ ਗੱਡੀ ’ਚ ਲੜਕੀ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਉਹ ਇਸ ਵੇਲੇ ਇਲਾਜ ਅਧੀਨ ਹੈ।
ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲਣ ‘ਤੇ ਉਹਨਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਕੇ ਲੜਕੀ ਦੀ ਜਾਨ ਬਚਾ ਲਈ। ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਲੜਕੀ ਨੇ ਇਹ ਕਦਮ ਕਿਉਂ ਚੁੱਕਿਆ।
