ਅੰਮ੍ਰਿਤਸਰ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 116 ਭਾਰਤੀਆਂ ’ਚੋਂ ਚਾਰ ‘ਵਾਂਟੇਡ’ ਲੋਕਾਂ ਨੂੰ ਪੁਲਿਸ ਨੇ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਇਹ ਲੋਕ ਸਜ਼ਾ ਤੋ ਬਚਣ ਲਈ ਦੇਸ਼ ਦੀ ਸਰਹੱਦ ਦੇ ਬਾਹਰ ਭੱਜ ਗਏ ਸਨ ਪਰ ਇਨ੍ਹਾਂ ਦਾ ਇਹ ਦਾਅ ਨਹੀਂ ਚੱਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਆਪ ਆਗੂ ਦੀ ਹੱਤਿਆ ਦੇ ਕੇਸ ’ਚ ਰਾਜਪੁਰਾ ਦੇ ਦੋ ਚਚੇਰੇ ਭਰਾ, ਲੁਧਿਆਣਾ ਦਾ ਲੁੱਟ ਖੋਹ ਦੇ ਮਾਮਲਿਆਂ ’ਚ ਭਗੌੜਾ ਕਰਾਰ ਤੇ ਦਸਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਮੁਲਜ਼ਮ ਸ਼ਾਮਿਲ ਹਨ।
ਜਾਣਕਾਰੀ ਮੁਤਾਬਕ 25 ਜੂਨ, 2023 ਨੂੰ ਰਾਤ ਸਮੇਂ ਬਾਈਕ ਸਵਾਰਾਂ ਨੇ ਰਾਜਪੁਰਾ ਦੀ ਥੋਕ ਸਬਜ਼ੀ ਮੰਡੀ ਨੇੜੇ ਰੇਹੜੀ ਲਗਾਉਣ ਵਾਲੇ ਗੁਰਮੀਤ ਸ਼ਰਮਾ ਤੋਂ ਅੰਬ ਖ਼ਰੀਦੇ ਸਨ। ਕੁਝ ਅੰਬ ਖ਼ਰਾਬ ਨਿਕਲਣ ’ਤੇ ਰੇਹੜੀ ਵਾਲੇ ਨਾਲ ਬਹਿਸ ਕਰਦੇ ਹੋਏ ਉਨ੍ਹਾਂ ਨੇ ਉਸ ਨੂੰ ਥੱਪੜ ਮਾਰ ਦਿੱਤੇ। ਮੰਡੀ ’ਚ ਫਰੂਟ ਦੀ ਫੜ੍ਹੀ ਲਗਾਉਣ ਵਾਲਾ ਪਿੰਡ ਮੰਡੌਲੀ ਵਾਸੀ ਸੱਚਇੰਦਰ ਸਿੰਘ ਬਚਾਅ ਲਈ ਆਇਆ ਤਾਂ ਮੁਲਜ਼ਮਾਂ ਨੇ ਉਸ ਨੂੰ ਵੀ ਥੱਪੜ ਮਾਰ ਦਿੱਤੇ। ਸੱਚਇੰਦਰ ਨੇ ਪਿੰਡ ਨੀਲਪੁਰ ਵਾਸੀ ਆਪਣੇ ਰਿਸ਼ਤੇਦਾਰ ਆਪ ਸਮਰਥਕ ਸਵਰਣ ਸਿੰਘ ਨੂੰ ਬੁਲਾ ਲਿਆ। ਮੁਲਜ਼ਮਾਂ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਦੋਵਾਂ ਧਿਰਾਂ ’ਚ ਬਹਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ। ਬਾਅਦ ’ਚ ਮੁਲਜ਼ਮਾਂ ਨੇ ਤਲਵਾਰਾਂ ਨਾਲ ਸਵਰਣ ਸਿੰਘ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸਵਰਣ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਇਨ੍ਹਾਂ ’ਚ ਇਸ ਕੇਸ ’ਚ ਇਨ੍ਹਾਂ ਮੁਲਜ਼ਮਾਂ ਦਾ ਇਕ ਸਾਥੀ ਬਿੱਲਾ ਘਟਨਾ ਦੇ ਕੁਝ ਸਮੇਂ ਬਾਅਦ ਬੈਂਗਲੁਰੂ ਏਅਰਪੋਰਟ ਤੋਂ ਫੜਿਆ ਗਿਆ ਸੀ।
ਹਰਿਆਣਾ ਦੇ ਪਿਹੋਵਾ ਦੇ ਡੇਰਾ ਪੂਰਨ ਨਾਥ ਵਾਸੀ ਸਾਹਿਲ ਵਰਮਾ ’ਤੇ 14 ਮਈ 2020 ਨੂੰ ਦਸਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਦਾ ਕੇਸ ਦਰਜ ਹੋਇਆ ਸੀ। ਸਾਹਿਲ ਨੇ ਵਿਦਿਆਰਥਣ ਦਾ ਰਸਤਾ ਰੋਕ ਕੇ ਉਸ ਨਾਲ ਛੇੜਛਾੜ ਕੀਤੀ ਸੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਮਾਮਲਾ ਦਰਜ ਹੋਣ ਦੇ 4-5 ਦਿਨਾਂ ਬਾਅਦ ਉਹ 38 ਲੱਖ ਰੁਪਏ ਦੇ ਕੇ ਵਿਦੇਸ਼ ਭੱਜ ਗਿਆ ਸੀ। ਉਹ ਇਟਲੀ ’ਚ ਦੋ ਸਾਲ ਰਿਹਾ ਫਿਰ ਡੌਂਕਕੀ ਰੂਟ ਰਾਹੀਂ ਅਮਰੀਕਾ ’ਚ ਦਾਖ਼ਲ ਹੋ ਰਿਹਾ ਸੀ ਕਿ 25 ਜਨਵਰੀ ਨੂੰ ਪੁਲਿਸ ਨੇ ਉਸ ਨੂੰ ਫੜ ਲਿਆ। ਡਿਪੋਰਟ ਹੋਕੇ ਜਿਵੇਂ ਹੀ ਸਾਹਿਲ ਹਵਾਈ ਜਹਾਜ਼ ਤੋਂ ਉਤਰਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪਿਹੋਵਾ ਦੇ ਪੁਲਿਸ ਅਧਿਕਾਰੀ ਪਹਿਲਾਂ ਹੀ ਏਅਰਪੋਰਟ ’ਤੇ ਖੜ੍ਹੇ ਸਨ। ਉਸ ਨੂੰ ਫ਼ੌਰੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।