ਨਵੀਂ ਦਿੱਲੀ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅੱਜ ਸਵੇਰੇ ਦਿੱਲੀ-ਐਨਸੀਆਰ ਦੇ ਵਾਸੀਆਂ ਨੂੰ ਭੂਚਾਲ ਦੇ ਤੇਜ਼ ਝਟਕਿਆਂ ਨੇ ਨੀਂਦ ’ਚੋਂ ਜਗਾ ਦਿੱਤਾ ਤੇ ਉਹ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲੇ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.0 ਮਾਪੀ ਗਈ, ਜਿਸ ਦਾ ਕੇਂਦਰ ਨਵੀਂ ਦਿੱਲੀ ਹੀ ਸੀ। ਸਵੇਰੇ 5:36 ਵਜੇ ਆਏ ਇਨ੍ਹਾਂ ਝਟਕਿਆਂ ਕਾਰਨ ਇਮਾਰਤਾਂ ਹਿੱਲਣ ਲੱਗੀਆਂ, ਦਰਵਾਜ਼ੇ-ਖਿੜਕੀਆਂ ਖੜਕਣ ਲੱਗੇ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਮੁਤਾਬਕ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਘੱਟ ਡੂੰਘਾਈ ਹੋਣ ਕਰਕੇ ਦਿੱਲੀ-ਐਨਸੀਆਰ ’ਚ ਤੇਜ਼ ਝਟਕੇ ਮਹਿਸੂਸ ਹੋਏ।ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਜਾਨੀ ਜਾਂ ਵੱਡਾ ਮਾਲੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
