ਨੂਰਮਹਿਲ, 17 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਅਤੇ ਪਿੰਡ ਉੱਪਲ ਖਾਲਸਾ ਦੇ ਨੰਬਰਦਾਰ ਤਰਸੇਮ ਲਾਲ ‘ਤੇ 2 ਲੁਟੇਰਿਆਂ ਨੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰਕੇ 7000 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਪਰ 70 ਸਾਲਾ ਬਜ਼ੁਰਗ ਨੰਬਰਦਾਰ ਨੇ ਬਹਾਦਰੀ ਦਿਖਾਉਂਦਿਆਂ ਇੱਕ ਹਮਲਾਵਰ ਨੂੰ ਫੜ ਲਿਆ ਅਤੇ ਕੁਝ ਸਾਥੀਆਂ ਦੀ ਮਦਦ ਨਾਲ ਲੁਟੇਰੇ ਸੋਨੂ ਪੁੱਤਰ ਜਗਦੀਸ਼ ਨਿਵਾਸੀ ਪਿੰਡ ਕੋਟ ਬਾਦਲ ਖਾਂ ਨੂੰ ਉਸ ਦੀ ਮੋਟਰਸਾਈਕਲ ਸਮੇਤ ਥਾਣਾ ਨੂਰਮਹਿਲ ਦੇ ਐਸ.ਐਚ.ਓ. ਇੰਸਪੈਕਟਰ ਪਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੋਵੇਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਪੁਲਿਸ ਸਟੇਸ਼ਨ ਪਹੁੰਚੇ ਅਤੇ ਸਾਥੀ ਨੰਬਰਦਾਰ ‘ਤੇ ਹੋਏ ਹਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸ.ਐਚ.ਓ. ਤੋਂ ਮੰਗ ਕੀਤੀ ਕਿ ਦੂਜੇ ਹਮਲਾਵਰ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ।
