ਮੋਗਾ, 15 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸ਼ਹਿਰ ’ਚ ਬੀਤੀ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇੱਕ ਪਰਿਵਾਰ ਦੀ ਦੁਨੀਆ ਹੀ ਉਜਾੜ ਦਿੱਤੀ। ਮੋਗਾ ਦੇ ਨਜ਼ਦੀਕੀ ਪਿੰਡ ਨਿਧਾਵਾਲਾ ਦੇ ਰਹਿਣ ਵਾਲੇ 32 ਸਾਲਾ ਬਲਕਾਰ ਸਿੰਘ ਅਤੇ ਉਸ ਦੀ 27 ਸਾਲਾ ਗਰਭਵਤੀ ਪਤਨੀ ਲਵਪ੍ਰੀਤ ਕੌਰ ਦੀ ਇੱਕ ਵੱਡੇ ਹਾਦਸੇ ਵਿਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਬਲਕਾਰ ਸਿੰਘ ਆਪਣੀ ਪਤਨੀ ਨਾਲ ਐਕਟਿਵਾ ਤੇ ਵਿਆਹ ਸਮਾਗਮ ਦੀ ਖਰੀਦਦਾਰੀ ਕਰ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਦੋਂ ਉਹ ਘੱਲ ਕਲਾਂ ਅਤੇ ਡਰੋਲੀ ਵਿਚਕਾਰ ਪਟਰੌਲ ਪੰਪ ਕੋਲ ਪਹੁੰਚੇ, ਤਾਂ ਪਿੱਛੇ ਤੋਂ ਆਉਦੀ ਇੱਕ ਤੇਜ਼ ਰਫਤਾਰ ਫੋਰਡ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਲਵਪ੍ਰੀਤ ਕੌਰ ਤੇ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਕਾਰ ਸਿੰਘ ਨੂੰ ਨਾਜੁਕ ਹਾਲਤ ਵਿਚ ਲੁਧਿਆਣਾ ਰੈਫਰ ਕੀਤਾ ਗਿਆ, ਜਿਥੇ ਉਸ ਨੇ ਵੀ ਦਮ ਤੋੜ ਦਿੱਤਾ।
ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
