ਫਾਜ਼ਿਲਕਾ, 14 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਫਾਜ਼ਿਲਕਾ ਤੋਂ ਪ੍ਰਯਾਗਰਾਜ ਮਹਾਕੁੰਭ ਅਤੇ ਅਯੋਧਿਆ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਵਾਪਸੀ ਦਰਦਨਾਕ ਹਾਦਸੇ ਵਿਚ ਬਦਲ ਗਈ। ਜੌਨਪੁਰ ਦੇ ਨੇੜੇ ਦੇਰ ਰਾਤ ਇੱਕ ਟੈਂਪੂ ਟਰੈਵਲਰ ਦੀ ਟਰੱਕ ਨਾਲ ਟਕਰ ਹੋ ਗਈ। ਹਾਦਸੇ ਵਿੱਚ ਫਾਜ਼ਿਲਕਾ ਦੇ ਤਰਕਸ਼ੀਲ ਸਿੰਘ ਅਤੇ ਹਰਦਿਆਲ ਚੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 9 ਲੋਕ ਗੰਭੀਰ ਜ਼ਖ਼ਮੀ ਹਨ।
ਗੱਡੀ ਵਿੱਚ ਕੁੱਲ 14 ਸ਼ਰਧਾਲੂ ਸਵਾਰ ਸਨ। ਇਹ ਸਾਰੇ ਫਾਜ਼ਿਲਕਾ ਦੀ ਨਵੀਂ ਆਬਾਦੀ, ਬਾਦਲ ਕਲੋਨੀ, ਨਹਿਰੂ ਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸਨ। ਹਾਦਸੇ ਵਿੱਚ ਬਚੇ ਇੱਕ ਯਾਤਰੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਪ੍ਰਯਾਗਰਾਜ ਵਿਖੇ ਇਸ਼ਨਾਨ ਕਰਨ ਦੇ ਬਾਅਦ ਰਾਮ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।
ਜ਼ਖ਼ਮੀਆਂ ਨੂੰ ਤੁਰੰਤ ਜੌਨਪੁਰ ਦੇ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸ ਹਾਦਸੇ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
