ਚੰਡੀਗੜ੍ਹ ਪੁਲਿਸ ਕਰ ਰਹੀ ਰਾਜਨੀਤਿਕ ਦਬਾਅ ਹੇਠ ਕੰਮ: ਵਿਜੇਪਾਲ
ਪਿਛਲੇ ਇੱਕ ਸਾਲ ਲਗਾਤਰ ਆਪ ਦੇ ਕੌਂਸਲਰਾਂ ਨੂੰ ਤੋੜਨ ਦੀਆਂ ਹੋ ਰਹੀਆਂ ਨੇ ਕੋਸਿਸਾਂ
ਚੰਡੀਗੜ੍ਹ, 13 ਫਰਵਰੀ,ਬੋਲੇ ਪੰਜਾਬ ਬਿਊਰੋ :
ਬੀਤੇ ਦਿਨ ਰਾਮਦਰਬਾਰ ਨਿਵਾਸੀ ਆਪ ਆਗੂ ਸੁਨੀਲ ਕੁਮਾਰ ਟਾਂਕ ਅਤੇ ਆਪ ਕੌਂਸਲਰ ਰਾਮਚੰਦਰ ਯਾਦਵ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਹੋਣ ਤੋਂ ਬਾਅਦ ਅੱਜ ਦੋਨਾਂ ਵਿਚਕਾਰ ਆਪਸੀ ਸਮਝੌਤਾ ਹੋਣ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਵਲੋਂ ਕੌਂਸਲਰ ਰਾਮਚੰਦਰ ਯਾਦਵ ਤੇ ਕਾਰਵਾਈ ਕਰਨਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਅਤੇ ਆਪ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਯਾਦਵ ਨੇ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸ਼ਿਕਾਇਤ ਕਰਤਾ ਆਪ ਆਗੂ ਸੁਨੀਲ ਕੁਮਾਰ ਟਾਂਕ ਵਲੋਂ ਪੁਲਿਸ ਸਟੇਸ਼ਨ ਵਿੱਚ ਲਿਖਤੀ ਤੌਰ ਤੇ ਸੂਚਨਾਂ ਦਿੱਤੀ ਗਈ ਕਿ ਉਨ੍ਹਾਂ ਦੀ ਬੀਤੇ ਦਿਨ ਕੌਂਸਲਰ ਰਾਮਚੰਦਰ ਯਾਦਵ ਨਾਲ ਹੋਈ ਮਾਮੂਲੀ ਬਹਿਸ ਦਾ ਰਾਜੀਨਾਮਾ ਹੋ ਗਿਆ ਹੈ, ਇਸ ਲਈ ਉਹ ਹੁਣ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਸੁਨੀਲ ਕੁਮਾਰ ਟਾਂਕ ਦੇ ਚੰਡੀਗੜ੍ਹ ਪੁਲਿਸ ਨੂੰ ਸਮਝੌਤੇ ਦੇ ਲਿਖਤੀ ਪੱਤਰ ਨੂੰ ਸਵੀਕਾਰ ਨਾ ਕਰਨਾ ਦਰਸਾਉਂਦਾ ਹੈ, ਕਿ ਚੰਡੀਗੜ੍ਹ ਪੁਲਿਸ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਕੌਂਸਲਰ ਰਾਮਚੰਦਰ ਯਾਦਵ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਇਮਾਨਦਾਰੀ ਲਈ ਜਾਣੀ ਜਾਂਦੀ ਹੈ, ਪਰ ਰਾਜਨੀਤਿਕ ਦਬਾਅ ਹੇਠ ਕੰਮ ਕਰਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਪਰੇਸ਼ਾਨ ਕਰਨਾ ਆਮ ਜਨਤਾ ਦੇ ਨਾਲ ਧੋਖਾ ਹੈ। ਉਨ੍ਹਾਂ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮੰਗ ਕੀਤੀ, ਕਿ ਉਹ ਆਪ ਆਗੂ ਸੁਨੀਲ ਕੁਮਾਰ ਟਾਂਕ ਵਲੋਂ ਸਮਝੌਤੇ ਦੀ ਦਿੱਤੀ ਗਈ ਦਰਖਾਸਤ ਨੂੰ ਸਵੀਕਾਰ ਕਰਨ ਅਤੇ ਕੌਂਸਲਰ ਰਾਮਚੰਦਰ ਯਾਦਵ ਨੂੰ ਪਰੇਸ਼ਾਨ ਕਰਨਾ ਬੰਦ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਝੂਠੇ ਅਤੇ ਗਲਤ ਕੇਸਾਂ ਵਿੱਚ ਫਸਾ ਕੇ ਤੋੜਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਚੰਡੀਗੜ੍ਹ ਪੁਲਿਸ ਵਲੋਂ ਰਾਜਨੀਤਿਕ ਦਬਾਅ ਹੇਠ ਆ ਕੇ ਕੰਮ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾਂ ਪਵੇਗਾ।