ਅੰਮ੍ਰਿਤਸਰ, 13 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਫ੍ਰਾਂਸ ਤੋਂ ਚੱਲ ਰਹੇ ਇਸ ਨਸ਼ਾ ਤਸਕਰੀ ਨੈੱਟਵਰਕ ਵਿੱਚ ਪੰਜ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 251 ਗ੍ਰਾਮ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਗਲੌਕ ਪਿਸਤੌਲ ਬਰਾਮਦ ਹੋਈ ਹੈ।
ਗ੍ਰਿਫਤਾਰ ਹੋਏ ਦੋਸ਼ੀਆਂ ਵਿੱਚ ਕਿਰਤਪਾਲ ਸਿੰਘ, ਕਰਣਵੀਰ ਸਿੰਘ, ਸੁਖਦੀਪ ਸਿੰਘ, ਪਿਆਰਾ ਸਿੰਘ ਅਤੇ ਪੰਕਜ ਵਰਮਾ ਸ਼ਾਮਲ ਹਨ। ਇਸ ਦਾ ਖੁਲਾਸਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਸਕਰੀ ਨੈੱਟਵਰਕ ਫ੍ਰਾਂਸ ਤੋਂ ਚੱਲ ਰਿਹਾ ਸੀ, ਜਿਥੋਂ ਗੈਂਗ ਦਾ ਹੈਂਡਲਰ ਸਿਕੰਦਰ ਸਿੰਘ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਵਿੱਚ ਸੀ। ਪਾਕਿਸਤਾਨ ਦੇ ਸੰਮਾਲਗੜ੍ਹ ਤੋਂ ਡਰੋਨ ਰਾਹੀਂ ਹੈਰੋਇਨ ਤੇ ਹਥਿਆਰਾਂ ਦੀ ਖੇਪ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਭੇਜੀ ਜਾਂਦੀ ਸੀ, ਜਿਸ ਤੋਂ ਬਾਅਦ ਇਹ ਖੇਪ ਗ੍ਰਿਫਤਾਰ ਕੀਤੇ ਗਏ ਤਸਕਰ ਵੱਖ-ਵੱਖ ਇਲਾਕਿਆਂ ਵਿੱਚ ਬੈਠੇ ਸਪਲਾਇਰ ਅਤੇ ਡੀਲਰਾਂ ਨੂੰ ਪੁਹੁੰਚਾਉਂਦੇ ਸਨ। ਉਥੋਂ ਇਹ ਨੈੱਟਵਰਕ ਅੱਗੇ ਵਧਾਇਆ ਜਾਂਦਾ ਸੀ।
ਫਿਲਹਾਲ ਸਾਰੇ ਦੋਸ਼ੀਆਂ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ, ਜਿਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਿਰਤਪਾਲ ਤੇ ਪੰਕਜ ਵਰਮਾ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
![](https://www.bolepunjab.com/wp-content/uploads/2025/02/signal-2025-02-13-061320_002.png)