ਅੰਮ੍ਰਿਤਸਰ, 12 ਫਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ 30 ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਟ੍ਰੈਵਲ ਏਜੰਟਾਂ ’ਤੇ ਕੇਸ ਦਰਜ ਕਰਨ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਮੋਹਾਲੀ ’ਚ ਅੱਠ ਟ੍ਰੈਵਲ ਏਜੰਟਾਂ ’ਤੇ ਕੇਸ ਦਰਜ ਹੋਣ ਤੋਂ ਇਕ ਦਿਨ ਬਾਅਦ ਸੂਬੇ ਭਰ ’ਚ ਪ੍ਰਸ਼ਾਸਨ ਤੇ ਪੁਲਿਸ ਸਰਗਰਮ ਹੋ ਗਏ ਹਨ। ਇਸੇ ਪੜਾਅ ’ਚ ਤਰਨਤਾਰਨ ਜ਼ਿਲ੍ਹੇ ਦੇ ਟ੍ਰੈਵਲ ਏਜੰਟ ਗੁਰਕੀਰਤ ਸਿੰਘ ਤੇ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਮੁਕੁਲ ਮੁੰਜਾਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੀ ਇਹ ਕਾਰਵਾਈ ਡਿਪੋਰਟ ਹੋ ਕੇ ਆਏ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਤਰਨਤਾਰਨ ਦੇ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਨੌਨਿਹਾਲ ਸਿੰਘ ਦੇ ਬਿਆਨ ’ਤੇ ਸੂਬਾ ਸਰਕਾਰ ਵਲੋਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਦੇ ਮੈਂਬਰ ਤੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਾਸੀ ਟ੍ਰੈਵਲ ਏਜੰਟ ਗੁਰਕੀਰਤ ਸਿੰਘ ਖ਼ਿਲਾਫ਼ 35 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕਰਵਾਇਆ ਹੈ। ਤਰਨਤਾਰਨ ਦੇ ਐੱਸਪੀ (ਆਈ) ਅਜੈਰਾਜ ਸਿੰਘ ਨੇ ਕਿਹਾ ਕਿ ਥਾਣਾ ਚੋਹਲਾ ਸਾਹਿਬ ’ਚ ਧਾਰਾ 318 (4) ਭਾਰਤੀ ਨਿਆਂ ਸੰਹਿਤਾ 13 ਪੰਜਾਬ ਟ੍ਰੈਵਲ ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ (2014) ’ਚ ਗੁਰਕੀਰਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਓਧਰ, ਇਕ ਹੋਰ ਡਿਪੋਰਟੀ ਅੰਮ੍ਰਿਤਸਰ ਦੇ ਛੇਹਰਟਾ ਦੇ ਅਜੈਦੀਪ ਸਿੰਘ ਦੀ ਸ਼ਿਕਾਇਤ ’ਤੇ ਐੱਨਆਰਆਈ ਥਾਣੇ ਦੀ ਪੁਲਿਸ ਨੇ ਹਰਿਆਣਾ ਸਥਿਤ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਅਜਰਾਵਰ ਵਾਸੀ ਮੁਕੁਲ ਮੁੰਜਾਲ ਖ਼ਿਲਾਫ਼ 45 ਲੱਖ ਰੁਪਏ ਦੀ ਧੋਖਾਧੜੀ ਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ’ਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਆਪਣੀ ਟੀਮ ਕੁਰੂਕਸ਼ੇਤਰ ’ਚ ਭੇਜੀ ਹੈ। ਪਤਾ ਲੱਗਾ ਹੈ ਕਿ ਅਮਰੀਕਾ ਦਾ ਫ਼ੌਜੀ ਜਹਾਜ਼ ਪਹੁੰਚਦੇ ਹੀ ਮੁਲਜ਼ਮ ਮੁਕੁਲ ਘਰ ਤੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਸੂਹ ਲੱਗ ਗਈ ਸੀ ਕਿ ਉਸ ਖ਼ਿਲਾਫ਼ ਐੱਫਆਈਆਰ ਦਰਜ ਹੋਵੇਗੀ।
![](https://www.bolepunjab.com/wp-content/uploads/2025/02/signal-2025-02-12-113636_002.jpeg)