ਲੁਧਿਆਣਾ, 10 ਫਰਵਰੀ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਇੱਕ ਬਜ਼ੁਰਗ ਵਿਧਵਾ ਮਹਿਲਾ ਰਾਣੋ (61) ਦਾ ਉਸਦੇ ਗੁਆਂਢੀ ਸਿਮਰ ਨਾਲ ਪਾਰਕਿੰਗ ਨੂੰ ਲੈਕੇ ਵਿਵਾਦ ਹੋ ਗਿਆ। ਇਸ ਦੌਰਾਨ ਸਿਮਰ ਨੇ ਰਾਣੋ ਦੇ ਘਰ ਵਿੱਚ ਵੜ ਕੇ ਉਸਨੂੰ ਮਾਰਿਆ ਕੁੱਟਿਆ ਅਤੇ ਉਸਦੇ ਦੰਦ ਤੋੜ ਦਿੱਤੇ। ਮਹਿਲਾ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸਨੂੰ ਅਤੇ ਉਸਦੀ ਪੋਤਨੂੰਹ ਸੁਪਨਾ ਨੂੰ ਡਰਾਉਣ ਲਈ ਹਵਾਈ ਫਾਇਰਿੰਗ ਕੀਤੀ।
ਇਹ ਘਟਨਾ ਬੀਤੇ ਦਿਨੀ ਪਖੋਵਾਲ ਰੋਡ ਦੇ ਵਿਸ਼ਾਲ ਨਗਰ ਵਿੱਚ ਵਾਪਰੀ ਹੈ। ਮੁਲਜ਼ਮ ਦੀ ਪਛਾਣ ਸਿਮਰ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਿਸ ਤੋਂ ਰਿਟਾਇਰਡ ASI ਜਤਿੰਦਰਪਾਲ ਸਿੰਘ ਦਾ ਬੇਟਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।
ਮਹਿਲਾ ਨੇ ਦੱਸਿਆ ਕਿ ਜਦੋਂ ਉਸਦੀ ਪੋਤਨੂੰਹ ਸਪਨਾ ਘਰ ‘ਚ ਇਕੱਲੀ ਸੀ, ਤਾਂ ਸਿਮਰ ਨੇ ਘਰ ਵਿੱਚ ਵੜ ਕੇ ਉਸ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਮੁਲਜ਼ਮ ਆਪਣੇ ਪਿਤਾ ਅਤੇ ਲਗਭਗ 15 ਅਣਪਛਾਤੇ ਲੋਕਾਂ ਦੇ ਨਾਲ ਉਸਦੇ ਬੇਟਿਆਂ ਦੀ ਤਲਾਸ਼ ਵਿੱਚ ਘਰ ਵਿੱਚ ਵੜਨ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਜਦੋਂ ਉਹਨਾਂ ਨੂੰ ਕੋਈ ਨਹੀਂ ਮਿਲਿਆ, ਤਾਂ ਸਿਮਰ ਨੇ ਰਾਣੋ ‘ਤੇ ਹਮਲਾ ਕੀਤਾ ਅਤੇ ਉਸਨੂੰ ਘਰ ਤੋਂ ਬਾਹਰ ਖਿੱਚ ਲਿਆ। ਪੀੜਤ ਨੇ ਅੱਗੇ ਦੱਸਿਆ ਕਿ ਭੱਜਦੇ ਸਮੇਂ ਸਿਮਰ ਨੇ ਹਵਾਈ ਫਾਇਰਿੰਗ ਕੀਤੀ, ਤਾਂ ਜੋ ਉਹ ਅਤੇ ਉਸਦਾ ਪਰਿਵਾਰ ਡਰ ਜਾਏ। ਮਹਿਲਾ ਨੇ ਪੁਲਿਸ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਰਿਟਾਇਰਡ ਪੁਲਿਸ ਅਧਿਕਾਰੀ ਦਾ ਪੱਖ ਲਿਆ ਅਤੇ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ।
ਪੁਲਿਸ ਨੇ ਕਿਹਾ ਕਿ ਸਿਮਰ ਦੀ ਭੈਣ ਦਾ ਵਿਆਹ ਹੈ, ਅਤੇ ਇਸੇ ਦੌਰਾਨ ਵਿਆਹ ਤੋਂ ਪਹਿਲਾਂ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਪਾਰਕਿੰਗ ਨੂੰ ਲੈਕੇ ਸਿਮਰ ਅਤੇ ਪੀੜਤਾਂ ਵਿਚਕਾਰ ਝਗੜਾ ਹੋ ਗਿਆ ਸੀ। ਜਾਂਚ ਵਿੱਚ ਪਤਾ ਲੱਗਾ ਕਿ ਸਿਮਰ ਨੇ ਇਕੱਲਿਆਂ ਹੀ ਸਪਨਾ ਅਤੇ ਰਾਣੋ ਨਾਲ ਮਾਰਕੁੱਟ ਕੀਤੀ ਸੀ ਅਤੇ ਇਹ ਗੱਲ ਸੀਸੀਟੀਵੀ ਫੁਟੇਜ ‘ਚ ਵੀ ਸਾਬਤ ਹੋਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਫਾਇਰਿੰਗ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਮੁਤਾਬਕ ਐਫਆਈਆਰ ਦਰਜ ਕਰਨ ਵਿੱਚ ਦੇਰੀ ਪੀੜਤਾਂ ਵੱਲੋਂ ਬਿਆਨ ਦੇਣ ਵਿੱਚ ਹੋਈ ਸੀ, ਜਿਸ ਤੋਂ ਬਾਅਦ ਸ਼ੁਰੂਆਤੀ ਜਾਂਚ ਕੀਤੀ ਗਈ ਅਤੇ ਦੋਸ਼ਾਂ ਦੀ ਪੁਸ਼ਟੀ ਕੀਤੀ ਗਈ। ਮੁਲਜ਼ਮ ਖਿਲਾਫ IPC ਦੀ ਧਾਰਾ 115 (2), 333, ਅਤੇ 351 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
![](https://www.bolepunjab.com/wp-content/uploads/2025/02/signal-2025-02-10-062220_002.png)