ਤਰਨਤਾਰਨ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਪਿੰਡ ਸੈਦੋ ਵਿੱਚ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਉੱਤੇ ਇੱਕ ਪਰਿਵਾਰ ਵੱਲੋਂ ਕਥਿਤ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਇੱਕ ਸੀਨੀਅਰ ਸਿਪਾਹੀ ਦੀ ਵਰਦੀ ਵੀ ਪਾੜ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਹਾਲਾਂਕਿ ਸਾਰੇ ਮੁਲਜ਼ਮ ਫਰਾਰ ਹਨ।
ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਇੰਚਾਰਜ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਰਸਾਲ ਸਿੰਘ ਨਾਂ ਦਾ ਵਿਅਕਤੀ ਆਪਣੇ ਹੀ ਪਿੰਡ ਦੇ ਅੰਮ੍ਰਿਤਪਾਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਏਐੱਸਆਈ ਕੰਵਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਜਾਂਚ ਲਈ ਰਸਾਲ ਸਿੰਘ ਦੇ ਘਰ ਪਹੁੰਚੇ।
ਜਾਂਚ ਦੌਰਾਨ ਰਸਾਲ ਸਿੰਘ ਤੈਸ਼ ’ਚ ਆ ਗਿਆ ਅਤੇ ਆਪਣੇ ਪਰਿਵਾਰ ਨੂੰ ਪੁਲਿਸ ਪਾਰਟੀ ਨੂੰ ਘੇਰ ਲੈਣ ਦਾ ਹੁਕਮ ਦੇ ਦਿੱਤਾ। ਪਰਿਵਾਰਕ ਔਰਤਾਂ ਸਮੇਤ ਸਾਰੇ ਲੋਕਾਂ ਨੇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਹਮਲੇ ਦੌਰਾਨ ਸੀਨੀਅਰ ਸਿਪਾਹੀ ਜਤਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਗਈ।
ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਕੰਵਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਰਸਾਲ ਸਿੰਘ, ਉਸ ਦੀ ਮਾਂ ਸੁਖਰਾਜ ਕੌਰ, ਪਤਨੀ ਜੋਤੀ, ਬੇਟਾ ਕਨਵਰ ਸਿੰਘ ਅਤੇ ਜੋਤੀ ਕੌਰ ਪਤਨੀ ਅਰਸ਼ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਫਰਾਰ ਹੋਏ ਨਾਮਜ਼ਦ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।