ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਐਮ ਐਲ ਏ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵੱਲੋਂ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੀ ਲੜੀ ਵਿੱਚ ਕਲ੍ਹ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਅਤੇ ਵੱਖ ਵੱਖ ਵਿੰਗਾਂ ਦੇ ਇੰਚਾਰਜ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਵਿਧਾਇਕ ਕੁਲਵੰਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ‘ਡੂਅਲ ਕੈਰਿਜਵੇਅ’ ਕੀਤੀਆਂ ਜਾਣ ਵਾਲੀਆਂ ਚਾਰ ਮੁੱਖ ਸੜਕਾਂ; ਫ਼ੇਜ਼ 7 ਤੋਂ ਫ਼ੇਜ਼ 11, ਪਿੰਡ ਮੋਹਾਲੀ ਤੋਂ ਐਸ.ਐਸ.ਪੀ. ਰਿਹਾਇਸ਼ ਤੱਕ, ਕੁੰਬੜਾ ਚੌਂਕ ਤੋਂ ਬਾਵਾ ਵ੍ਹਾਈਟ ਹਾਊਸ ਚੌਂਕ ਤੱਕ ਅਤੇ ਫਰੈਂਕੋ ਹੋਟਲ ਤੋਂ ਲਾਂਡਰਾਂ ਤੱਕ ਸੜਕ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੇ ਹਸਪਤਾਲਾਂ ਦੀ ਇਮਾਰਤ ਦੀ ਬੇਸਮੈਂਟ ਪਾਰਕਿੰਗ ਲਈ ਨਾ ਵਰਤੇ ਜਾਣ ਕਾਰਨ, ਸਬੰਧਤ ਹਸਪਤਾਲਾਂ ਦੇ ਬਾਹਰ, ਸੜਕਾਂ ਦੇ ਕਿਨਾਰੇ ਪਾਰਕ ਕੀਤੀਆਂ ਜਾਂਦੀਆਂ ਗੱਡੀਆਂ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਸਬੰਧਤ ਹਸਪਤਾਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਬੇਸਮੈਂਟਸ ਨੂੰ ਪਾਰਕਿੰਗ ਲਈ ਵਰਤੇ ਜਾਣ ਨੂੰ ਯਕੀਨੀ ਬਣਾਉਣ ਬਾਰੇ ਵੀ ਵਿਸਤਾਰਪੂਰਵਕ ਚਰਚਾ ਕੀਤੀ ਗਈ। ਸ਼ਹਿਰ ਦੀ ਮੁੱਖ ਪੀ.ਆਰ -7 ਸੜਕ ਦੇ ਸੁੰਦਰੀਕਰਨ, ਪੀ.ਆਰ. 7 ਸੜਕ ਦਾ ਜੋ ਹਿੱਸਾ ਆਈ.ਆਈ.ਐਸ.ਈ.ਆਰ. ਚੌਂਕ ਤੋਂ ਰੇਲਵੇ ਕਰਾਸਿੰਗ ਤੱਕ ਸੜਕ ਵਿਚਕਾਰ ਇੰਡਸਟ੍ਰੀਅਲ ਏਰੀਆ ਫੇਜ਼ 9 ਵਿੱਚ ਸਰਵਿਸ ਲੇਨ ਨੂੰ ਬਣਾਉਣਾ, ਪੀ.ਆਰ. 11 ਸੜਕ ਦਾ ਜੋ ਹਿੱਸਾ ਸੈਕਟਰ 81/84 ਵਿਚਕਾਰ ਰਹਿੰਦਾ ਹੈ, ਉਸ ਨੂੰ ਪੂਰਾ ਕਰਕੇ ਸੜਕ ਨੂੰ ਚਾਲੂ ਕਰਨ ਬਾਰੇ ਵੀ ਆਖਿਆ ਗਿਆ। ਗਮਾਡਾ ਵੱਲੋਂ ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬਿਲਡਰਾਂ ਵੱਲੋਂ ਫ਼ੁੱਟਪਾਥ ਦੀ ਜਗ੍ਹਾ ਨੂੰ ਪਾਰਕਿੰਗ ਲਈ ਵਰਤੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ, ਸ਼ਹਿਰ ਵਿੱਚ ਲੱਗ ਰਹੇ ਸੀ.ਸੀ.ਟੀ.ਵੀ. ਕੈਮਰਿਆਂ ਲਈ ਗਮਾਡਾ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ 50 ਕਰੋੜ ਰੁਪਏ ਜਾਰੀ ਕਰਨ, ਸ਼ਹਿਰ ਵਿੱਚ ਬਣ ਰਹੇ ਰੋਟਰੀਜ਼ (ਚੌਂਕ) ਦੇ ਕੰਮ ਦੀ ਪ੍ਰਗਤੀ, ਏਅਰੋਸਿਟੀ ਵਿੱਖੇ ਬਿਜਲੀ ਦੇ ਅੰਡਰ ਗਰਾਊੰਡ ਨੈੱਟਵਰਕ ਵਿੱਚ ਸੁਧਾਰ ਲਿਆਉਣਾ ਆਦਿ ਮੁੱਦੇ ਵੀ ਇਸ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਣ ਉਪਰੰਤ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵੱਲੋਂ ਦੱਸਿਆ
ਗਿਆ ਕਿ ਹਸਪਤਾਲਾਂ ਅੱਗੇ ਪਾਰਕਿੰਗ ਦੀ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ, ਉਨ੍ਹਾਂ ਵੱਲੋਂ ਐਸ.ਐਸ.ਪੀ. ਐਸ.ਏ.ਐਸ. ਨਗਰ ਨਾਲ ਗੱਲਬਾਤ ਕਰਕੇ ਹਸਪਤਾਲਾਂ ਦੇ ਬਾਹਰ ਪਾਰਕ ਹੋਣ ਵਾਲੇ ਵਾਹਨਾਂ ਦੇ ਚਲਾਨ ਕਰਨ ਲਈ ਟ੍ਰੈਫ਼ਿਕ ਪੁਲਿਸ ਵੱਲੋਂ ਮੁਹਿੰਮ ਚਲਾਈ ਜਾਵੇਗੀ ਅਤੇ ਹਸਪਤਾਲਾਂ ਵਿੱਚ ਬੇਸਮੈਂਟ ਦੀ ਵਰਤੋਂ ਪਾਰਕਿੰਗ ਲਈ ਨਾ ਕਰਨ ਵਾਲੇ ਹਸਪਤਾਲਾਂ ਨੂੰ ਜਲਦ ਹੀ ਨਿੱਜੀ ਸੁਣਵਾਈ ਦਾ ਮੌਕਾ ਦੇਣ ਉਪਰੰਤ ਵੀ, ਜੇਕਰ ਉਨ੍ਹਾਂ ਵੱਲੋਂ ਬੇਸਮੈਂਟ ਨੂੰ ਪਾਰਕਿੰਗ ਲਈ ਨਹੀਂ ਵਰਤਿਆ ਜਾਂਦਾ ਤਾਂ ਉਨ੍ਹਾਂ ਦੀਆਂ ਸਾਈਟਾਂ ਕੈਂਸਲ ਕਰ ਦਿੱਤੀਆਂ ਜਾਣਗੀਆਂ। ਗਮਾਡਾ ਦੇ ਮੁੱਖ ਪ੍ਰਸ਼ਾਸਕ ਅਨੁਸਾਰ ਫ਼ੇਜ਼ 7 ਤੋਂ ਫ਼ੇਜ਼ 11 ਦੀ ਸੜਕ ਨੂੰ ਚੌੜਾ ਕਰਨ ਦਾ ਕੰਮ 30 ਅਪ੍ਰੈਲ ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਬਾਕੀ ਦੀਆਂ 2 ਸੜਕਾਂ ਨੂੰ ਚੌੜਾ ਕਰਨ ਵਿੱਚ ਆ ਰਹੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੀ.ਆਰ. 7 ਰੋੜ ਦੇ ਸੁੰਦਰੀਕਰਨ ਲਈ 2.36 ਕਰੋੜ ਰੁਪਏ ਦੀ ਲਾਗਤ ਨਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਸ਼ਹਿਰ ਵਿੱਚ ਇਸ ਸਮੇਂ ਬਣ ਰਹੇ ਰੋਟਰੀਜ਼ ਨੂੰ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ ਅਤੇ ਪੀ.ਆਰ. 7 ਸੜਕ ਤੇ ਪੈਂਦੇ ਹੋਰ ਮੁੱਖ ਲਾਈਟ ਪੁਆਇੰਟਾਂ ਤੇ ਰੋਟਰੀਜ਼ ਬਣਾਉਣ ਲਈ ਕਾਰਵਾਈ ਅਰੰਭੀ ਜਾ ਚੁੱਕੀ ਹੈ, ਏਅਰੋਸਿਟੀ ਵਿੱਖੇ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਸੀ.ਸੀ.ਟੀ.ਵੀ. ਕੈਮਰਿਆਂ ਲਈ 50 ਕਰੋੜ ਰੁਪਏ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ, ਗਮਾਡਾ ਵੱਲੋਂ ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬੇਸਮੈਂਟ ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਲਈ ਸਬੰਧਤਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਸਬੰਧਤ ਬਿਲਡਰਾਂ ਵੱਲੋਂ ਨਜਾਇਜ਼ ਕਬਜ਼ੇ ਨਾ ਹਟਾਏ ਗਏ ਤਾਂ ਗਮਾਡਾ ਵੱਲੋਂ ਜਲਦ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ, ਪੀ.ਆਰ 7 ਸੜਕ ਤੇ ਇੰਡਸਟ੍ਰੀ ਏਰੀਆ ਫ਼ੇਜ਼ 9 ਵੱਲ ਸਰਵਿਸ ਲੇਨ ਬਣਾਉਣ ਲਈ ਜ਼ਮੀਨ ਅਕੁਆਇਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀ.ਆਰ. 11 ਸੜਕ ਤੇ ਸੈਕਟਰ 81/84 ਵਾਲੇ ਹਿੱਸੇ ਨੂੰ ਜਲਦ ਹੀ ਬਣਾ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਗਮਾਡਾ ਦੇ ਅਸਟੇਟ ਅਫ਼ਸਰ (ਹਾਊਸਿੰਗ) ਸ਼ਿਵਰਾਜ ਸਿੰਘ ਬੱਲ, ਰਵਿੰਦਰ ਸਿੰਘ ਪੀ.ਸੀ.ਐਸ., ਅਸਟੇਟ ਅਫ਼ਸਰ (ਪਲਾਟਸ) ਅਤੇ ਗਮਾਡਾ ਦੀ ਇੰਜਨੀਅਰਿੰਗ ਅਤੇ ਟਾਊਨ ਪਲਾਨਿੰਗ ਸ਼ਾਖਾ ਦੇ ਅਧਿਕਾਰੀ ਸ਼ਾਮਲ ਸਨ।
![](https://www.bolepunjab.com/wp-content/uploads/2025/02/WhatsApp-Image-2025-02-08-at-12.05.32_cb89d4f0.jpg)