ਅੰਮ੍ਰਿਤਸਰ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੇ ਮਾਮਲੇ ਵਿੱਚ ਗੈਰਕਾਨੂੰਨੀ ਟਰੈਵਲ ਏਜੰਟ ‘ਤੇ ਪਹਿਲੀ ਐਫਆਈਆਰ ਦਰਜ ਹੋਈ ਹੈ। ਅਮਰੀਕਾ ਤੋਂ ਵਾਪਸ ਆਏ ਇੱਕ ਨੌਜਵਾਨ ਦਲੇਰ ਸਿੰਘ ਦੀ ਸ਼ਿਕਾਇਤ ‘ਤੇ ਅੰਮ੍ਰਿਤਸਰ ਪੁਲਿਸ ਨੇ ਗੈਰਕਾਨੂੰਨੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਨੌਜਵਾਨ ਤੋਂ ਏਜੰਟ ਨੇ 60 ਲੱਖ ਰੁਪਏ ਲਏ ਸਨ।
ਅੰਮ੍ਰਿਤਸਰ ਦੇ ਪਿੰਡ ਸਲੇਮਪੁਰ ਦਾ ਮਿੰਨੀ ਬੱਸ ਚਲਾਉਣ ਵਾਲਾ ਦਲੇਰ ਸਿੰਘ ਪਿੰਡ ਕੋਟਲੀ ਦੇ ਟਰੈਵਲ ਏਜੰਟ ਸਤਨਾਮ ਸਿੰਘ ਦੇ ਝਾਂਸੇ ਵਿੱਚ ਆ ਕੇ ਅਮਰੀਕਾ ਗਿਆ ਸੀ। ਉਸ ਨੇ ਅਮਰੀਕਾ ਜਾਣ ਲਈ 60 ਲੱਖ ਰੁਪਏ ਦਿੱਤੇ ਸਨ, ਹਾਲਾਂਕਿ ਗੱਲ 45 ਲੱਖ ਰੁਪਏ ਵਿੱਚ ਤੈਅ ਹੋਈ ਸੀ। ਏਜੰਟ ਨੇ ਉਸਨੂੰ ਬ੍ਰਾਜ਼ੀਲ ਵਿੱਚ ਅਗਵਾ ਕਰਵਾ ਦਿੱਤਾ ਅਤੇ ਪਰਿਵਾਰ ਤੋਂ 15 ਲੱਖ ਰੁਪਏ ਦੀ ਮੰਗ ਕੀਤੀ।
ਏਜੰਟ ਨੇ ਉਸ ਦੀ ਪਤਨੀ ਚਰਨਜੀਤ ਕੌਰ ਨੂੰ ਫੋਨ ਕੀਤਾ ਕਿ 15 ਲੱਖ ਰੁਪਏ ਹੋਰ ਭੇਜੋ, ਤਦ ਹੀ ਉਸ ਦਾ ਪਤੀ ਅਮਰੀਕਾ ਵਿੱਚ ਜਾ ਸਕੇਗਾ। ਇਸ ਕਾਰਨ ਉਸ ਦੀ ਪਤਨੀ ਨੇ ਆਪਣੇ ਗਹਿਣੇ ਗਿਰਵੀ ਰੱਖੇ ਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਤੇ ਉਹ ਰੁਪਏ ਏਜੰਟ ਨੂੰ ਭੇਜ ਦਿੱਤੇ। ਪੈਸੇ ਦੇਣ ਦੇ ਬਾਵਜੂਦ ਦਲੇਰ ਸਿੰਘ ਕਈ ਮੁਸ਼ਕਲਾਂ ਸਹਿੰਦਾ ਹੋਇਆ ਅਮਰੀਕਾ ਪਹੁੰਚਿਆ। ਉਮੀਦ ਸੀ ਕਿ ਹੁਣ ਉਸ ਦਾ ਬੁਰਾ ਸਮਾਂ ਖਤਮ ਹੋ ਗਿਆ ਹੈ ਅਤੇ ਉਹ ਕੰਮ ਕਰਕੇ ਆਪਣਾ ਸਾਰਾ ਕਰਜ਼ਾ ਉਤਾਰ ਦੇਵੇਗਾ।
ਦਲੇਰ ਸਿੰਘ ਨੇ ਦੱਸਿਆ ਕਿ ਮੈਕਸਿਕੋ ਰਾਹੀਂ ਤਿਜਵਾਨਾ ਬਾਰਡਰ ‘ਤੇ ਪਹੁੰਚਿਆ ਤੇ ਓਥੋਂ ਉਸ ਦੀ ਅਮਰੀਕਾ ਵਿੱਚ ਐਂਟਰੀ ਹੋਈ। ਇਹ 20 ਦਿਨ ਉਸ ਦੀ ਜ਼ਿੰਦਗੀ ਦੇ ਸਭ ਤੋਂ ਖਤਰਨਾਕ ਦਿਨ ਸਨ। ਖਾਣਾ ਵੀ ਮੁਸ਼ਕਿਲ ਨਾਲ ਮਿਲਦਾ ਸੀ। ਕਈ ਦਿਨ ਤੱਕ ਤਾਂ ਪਨਾਮਾ ਦੇ ਜੰਗਲਾਂ ਵਿੱਚ ਭੁੱਖੇ ਰਹਿਣਾ ਪਿਆ। ਕਈ ਵਾਰ ਤਾਂ ਪਾਣੀ ਵੀ ਨਹੀਂ ਮਿਲਦਾ ਸੀ।
ਦਲੇਰ ਸਿੰਘ ਨੂੰ ਮਿਲਣ ਗਏ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਕੋਟਲੀ ਦੇ ਟਰੈਵਲ ਏਜੰਟ ਸਤਨਾਮ ਸਿੰਘ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਡੀਐਸਪੀ ਇੰਦਰਜੀਤ ਸਿੰਘ ਨੂੰ ਹਦਾਇਤ ਦਿੱਤੀ ਕਿ ਪੀੜਤ ਦੇ ਬਿਆਨ ਲਿਖਤੀ ਰੂਪ ਵਿੱਚ ਲਏ ਜਾਣ ਅਤੇ ਏਜੰਟ ਸਤਨਾਮ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ। ਉਸ ‘ਤੇ ਮਾਮਲਾ ਦਰਜ ਕਰਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਏਜੰਟਾਂ ਖਿਲਾਫ ਸਖਤ ਕਾਰਵਾਈ ਕਰੇਗੀ।
![](https://www.bolepunjab.com/wp-content/uploads/2025/02/signal-2025-02-07-135523_002.jpeg)