ਜਲੰਧਰ, 6 ਫ਼ਰਵਰੀ,ਬੋੇਲੇ ਪੰਜਾਬ ਬਿਊਰੋ :
ਗੁਰਾਇਆ ਦੇ ਪਿੰਡ ਕੋਟਲੀ ਖੱਖਿਆ ’ਚ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਪਤੰਗ ਦੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।ਬੱਚੀ ਦੇ ਦਾਦਾ ਸਤਨਾਮ ਲਾਲ ਨੇ ਦੱਸਿਆ ਕਿ ਉਹ ਆਪਣੀਆਂ ਦੋ ਪੋਤੀਆਂ ਨੂੰ ਮੋਟਰਸਾਈਕਲ ’ਤੇ ਦੁਕਾਨ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਕੋਟਲੀ ਖੱਖਿਆ ਤੋਂ ਅੱਧਾ ਕਿਲੋਮੀਟਰ ਦੂਰ ਸੀ, ਤਦੋਂ ਅੱਗੇ ਬੈਠੀ ਉਸਦੀ ਪੋਤੀ ਹਰਲੀਨ ਕੌਰ ਪਤੰਗ ਦੀ ਡੋਰ ਨਾਲ ਜਖ਼ਮੀ ਹੋ ਗਈ। ਡੋਰ ਕਾਰਨ ਉਸਦੇ ਗਲ਼ ‘ਤੇ ਡੂੰਘਾ ਕੱਟ ਲੱਗ ਗਿਆ।
ਫ਼ੌਰੀ ਤੌਰ ’ਤੇ ਬੱਚੀ ਨੂੰ ਨੇੜਲੇ ਮੇਹਰ ਹਸਪਤਾਲ ਲਿਆਇਆ ਗਿਆ, ਪਰ ਉੱਥੇ ਡਾਕਟਰ ਦੀ ਗੈਰਹਾਜ਼ਰੀ ਕਾਰਨ, ਬੱਚੀ ਨੂੰ ਫਗਵਾੜੇ ਦੇ ਵਿਰਕ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਹਰਲੀਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੇ ਰਿਮ ’ਚ ਡੋਰ ਲਿਪਟੀ ਹੋਈ ਸੀ। ਜਾਂਚ ਦੌਰਾਨ ਜਦੋਂ ਖੇਤ ’ਚ ਗਏ, ਤਾਂ ਉੱਥੋਂ ਹੋਰ ਡੋਰ ਵੀ ਬਰਾਮਦ ਕੀਤੀ ਗਈ। ਸਥਾਨਕ ਵਾਸੀਆਂ ਅਨੁਸਾਰ, ਇਹ ਹਾਦਸਾ ਪਤੰਗ ਦੀ ਮਜ਼ਬੂਤ ਡੋਰ ਕਾਰਨ ਵਾਪਰਿਆ ਹੈ।