ਅੰਮ੍ਰਿਤਸਰ, 6 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਨਜ਼ਦੀਕ ਪੁਲਿਸ ਨੇ ਨਸ਼ਿਆਂ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੈਸ਼ਲ ਟਾਸਕ ਫੋਰਸ (STF) ਜਲੰਧਰ ਦੀ ਟੀਮ ਨੇ ਛਾਪੇਮਾਰੀ ਦੌਰਾਨ 10 ਕਿਲੋ 163 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ। ਇਸ ਨਸ਼ੇ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ 70 ਕਰੋੜ ਰੁਪਏ ਦੱਸੀ ਜਾ ਰਹੀ ਹੈ।
STF ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਸੋਹੀਆਂ ਕਲਾਂ ਗੁਰਦੁਆਰੇ ਦੇ ਨੇੜੇ ਨਸ਼ਿਆਂ ਦੀ ਵੱਡੀ ਖੇਪ ਆ ਸਕਦੀ ਹੈ। AIG ਜਗਜੀਤ ਸਿੰਘ ਸਾਰੋ ਅਤੇ DSP ਇੰਦਰਜੀਤ ਸਿੰਘ ਦੀ ਅਗਵਾਈ ’ਚ ਟੀਮ ਨੇ ਛਾਪਾ ਮਾਰਿਆ ਅਤੇ ਗੁਰਦੇਵ ਸਿੰਘ ਉਰਫ ਬੱਗਾ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਕਿ ਬਰਾਮਦ ਨਸ਼ਾ ਪਾਕਿਸਤਾਨ ਤੋਂ ਤਸਕਰੀ ਰਾਹੀਂ ਲਿਆਂਦਾ ਗਿਆ ਸੀ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਪਿੰਡ ਧਾਰੀਵਾਲ ਬੱਗਾ ਵਜੋਂ ਹੋਈ ਹੈ, ਜੋ ਇਸ ਸਮੇਂ ਪਿੰਡ ਮੋਹਨ ਭੰਡਾਰੀਆਂ ਵਿੱਚ ਰਹਿ ਰਿਹਾ ਸੀ।
DSP ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਇੱਕ ਵੱਡਾ ਤਸਕਰੀ ਨੈੱਟਵਰਕ ਹੈ, ਜਿਸ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਫਿਲਹਾਲ ਪੁਲਿਸ ਮੁੱਖ ਸੂਤਰਧਾਰ ਦੀ ਤਲਾਸ਼ ’ਚ ਜੁਟੀ ਹੋਈ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
![](https://www.bolepunjab.com/wp-content/uploads/2025/02/signal-2025-02-06-101522_002.jpeg)