ਵਿਆਹ ‘ਚ ਹਵਾਈ ਫਾਇਰਿੰਗ ਕਰ ਰਹੇ ਪੰਜ ਵਿਅਕਤੀ ਪੰਜਾਬ ਪੁਲਿਸ ਨੇ ਹਥਿਆਰਾਂ ਸਮੇਤ ਦਬੋਚੇ

ਪੰਜਾਬ

ਨੂਰਪੁਰ ਬੇਦੀ, 6 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ, ਰੂਪਿੰਦਰ ਕੌਰ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਅਤੇ ਉਪ ਕਪਤਾਨ ਪੁਲਿਸ ਸ਼੍ਰੀ ਆਨੰਦਪੁਰ ਸਾਹਿਬ ਅਜੈ ਸਿੰਘ ਦੇ ਹੁਕਮਾਂ ਅਨੁਸਾਰ, ਗਲਤ ਅਨਸਰਾਂ ‘ਤੇ ਕਾਬੂ ਪਾਉਣ ਅਤੇ ਵਿਆਹ ਸਮਾਰੋਹਾਂ ਵਿੱਚ ਹਥਿਆਰਾਂ ਦੇ ਇਸਤੇਮਾਲ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਨੂਰਪੁਰ ਬੇਦੀ ਪੁਲਿਸ ਨੇ ਨੇੜਲੇ ਪਿੰਡ ਬਰਾਰੀ ਵਿੱਚ ਪੰਜ ਨੌਜਵਾਨਾਂ ਨੂੰ ਇੱਕ ਵਿਆਹ ਸਮਾਰੋਹ ਦੌਰਾਨ ਹਵਾਈ ਫਾਇਰਿੰਗ ਕਰਦੇ ਸਮੇਂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।
ਇਸ ਸਬੰਧੀ ਨੂਰਪੁਰ ਬੇਦੀ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਪਰੋਕਤ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਵੀ ਵੱਖ-ਵੱਖ ਟੀਮਾਂ ਬਣਾਕੇ ਖੇਤਰ ਵਿੱਚ ਭੇਜੀਆਂ ਗਈਆਂ। ਇਸ ਤਹਿਤ ਪਿਛਲੀ ਰਾਤ ਏ.ਐਸ.ਆਈ. ਪ੍ਰਦੀਪ ਸ਼ਰਮਾ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ, ਜਿਸ ਵਿੱਚ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ, ਕਾਂਸਟੇਬਲ ਸੁਖਵਿੰਦਰ ਸਿੰਘ, ਕਾਂਸਟੇਬਲ ਸੰਦੀਪ ਕੁਮਾਰ ਅਤੇ ਪੀ.ਐਚ.ਜੀ. ਲਕਸ਼ਮਣ ਦਾਸ ਸ਼ਾਮਲ ਸਨ, ਖੇਤਰ ਦੇ ਉੱਪਰੀ ਪਹਾੜੀ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ। ਇਨ੍ਹਾਂ ਨੂੰ ਪਿੰਡ ਬਰਾਰੀ ਦੇ ਵਿਆਹ ਸਮਾਰੋਹ ਦੌਰਾਨ ਫਾਇਰਿੰਗ ਦੀ ਸੂਚਨਾ ਮਿਲੀ ਸੀ।
ਇਸ ਬਾਰੇ ਤੁਰੰਤ ਕਦਮ ਚੁੱਕਦਿਆਂ ਪੁਲਿਸ ਪਾਰਟੀ ਇਸ ਵਿਆਹ ਸਮਾਗਮ ਵਿੱਚ ਪਹੁੰਚੀ ਤਾਂ 5 ਨੌਜਵਾਨ ਹੱਥਾਂ ਵਿੱਚ ਹਥਿਆਰ ਫੜੇ ਹਵਾਈ ਫਾਇਰਿੰਗ ਕਰ ਰਹੇ ਸਨ। ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਪਛਾਣ ਨਵੀਨ ਕੁਮਾਰ ਪੁੱਤਰ ਕੁਲਦੀਪ ਕੁਮਾਰ ਨਿਵਾਸੀ ਪਿੰਡ ਬਣੀ, ਥਾਣਾ ਸ਼੍ਰੀ ਆਨੰਦਪੁਰ ਸਾਹਿਬ,ਜਗਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਨਿਵਾਸੀ ਪਿੰਡ ਭਰਤਗੜ੍ਹ ਥਾਣਾ ਕੀਰਤਪੁਰ ਸਾਹਿਬ, ਹਰਵਿੰਦਰ ਸਿੰਘ ਪੁੱਤਰ ਬੰਸੀ ਰਾਮ, ਬਿਕਰਮ ਚੰਦੇਲ ਪੁੱਤਰ ਕੇਵਲ ਸਿੰਘ ਤੇ ਪ੍ਰਭਜੋਤ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡ ਸੇਰੀ ਥਾਣਾ ਨਾਲਾਗੜ੍ਹ ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ 1 ਰਿਵਾਲਵਰ 32 ਬੋਰ, 2 ਜਿੰਦਾ ਕਾਰਤੂਸ, 2 ਚਲੇ ਹੋਏ ਕਾਰਤੂਸ, ਇੱਕ 12 ਬੋਰ ਰਾਈਫਲ ਤੇ 1 ਚਲਿਆ ਹੋਇਆ ਕਾਰਤੂਸ ਬਰਾਮਦ ਹੋਇਆ ਹੈ। ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਇਹ ਰਿਵਾਲਵਰ ਲਾਇਸੈਂਸੀ ਹੈ ਜੋ ਕਿਸੇ ਹੋਰ ਦੇ ਨਾਮ ’ਤੇ ਰਜਿਸਟਰਡ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।