ਸਟਾਕਹੋਮ, 5 ਫ਼ਰਵਰੀ, ਬੋਲੇ ਪੰਜਾਬ ਬਿਊਰੋ:
ਸਵੀਡਨ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਹਮਲੇ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੈ। ਸਥਾਨਕ ਅਖ਼ਬਾਰ ਸਵੀਡਿਸ਼ ਹੇਰਾਲਡ ਮੁਤਾਬਕ ਗੋਲੀਬਾਰੀ ਰਾਜਧਾਨੀ ਸਟਾਕਹੋਮ ਤੋਂ 200 ਕਿਲੋਮੀਟਰ ਪੱਛਮ ਵਿਚ ਓਰੇਬਰੋ ਸ਼ਹਿਰ ਦੇ ਰਿਸਬਰਗਸਕਾ ਸਕੂਲ ਵਿਚ ਦੁਪਹਿਰ 1 ਵਜੇ ਦੇ ਕਰੀਬ ਹੋਈ।
ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ਵਿੱਚ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ। ਸਵੀਡਿਸ਼ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਉਹ ਹਮਲਾਵਰਾਂ ਦੇ ਮਕਸਦ ਦੀ ਜਾਂਚ ਕਰ ਰਹੇ ਹਨ, ਫ਼ਿਲਹਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਘਟਨਾ ਦਾ ਅਤਿਵਾਦ ਨਾਲ ਕੋਈ ਸਬੰਧ ਹੈ। ਜ਼ਖ਼ਮੀਆਂ ਦੀ ਗਿਣਤੀ ਵੀ ਵਧ ਸਕਦੀ ਹੈ।
ਫਿਲਹਾਲ ਖ਼ਤਰਾ ਟਲਿਆ ਨਹੀਂ ਹੈ, ਇਸ ਲਈ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਈ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਹਮਲਾਵਰ ਨੂੰ ਸੀਰੀਆਈ ਮੂਲ ਦਾ ਦੱਸਿਆ ਗਿਆ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।