ਅੰਮ੍ਰਿਤਸਰ, 4 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਦੇਰ ਰਾਤ ਪੁਲਿਸ ਚੌਕੀ ਫਤਿਹਗੜ੍ਹ ਚੂੜੀਆਂ ਰੋਡ ਨੰਗਲੀ ਦੇ ਬਾਹਰ ਇੱਕ ਜ਼ੋਰਦਾਰ ਧਮਾਕਾ ਹੋਇਆ।ਇਹ ਧਮਾਕਾ ਇਲਾਕੇ ਵਿੱਚ ਦੂਰ ਦੂਰ ਤੱਕ ਸੁਣਿਆ ਗਿਆ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਧਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ ‘ਤੇ ਪੁਲਿਸ ਵੱਲੋਂ ਚੈਕਿੰਗ ਦਾ ਨਾਕਾ ਵੀ ਲਗਾਇਆ ਗਿਆ ਸੀ।ਮੌਕੇ ‘ਤੇ ਤਾਇਨਾਤ ਏਐਸਆਈ ਬਿਸ਼ੰਬਰ ਧਮਾਕੇ ਵਾਲੀ ਥਾਂ ‘ਤੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਸੜਕ ਵਿੱਚ ਧਮਾਕੇ ਦੇ ਨਿਸ਼ਾਨ ਮਿਲੇ।
ਏਐੱਸਆਈ ਬਿਸ਼ੰਭਰ ਨੇ ਤੁਰੰਤ ਹੀ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਏ ਧਮਾਕੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਗ੍ਰਨੇਡ ਦਾ ਧਮਾਕਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫਿਰ ਵੀ ਫਰੈਂਸਿਕ ਟੀਮ ਧਮਾਕੇ ਦੀ ਜਾਂਚ ਕਰ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਦੱਸ ਦਿੱਤਾ ਜਾਵੇਗਾ।ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਪੁਲਿਸ ਚੌਕੀ ਪਿਛਲੇ ਸਮੇਂ ‘ਚ ਬੰਦ ਕਰ ਦਿੱਤੀ ਗਈ ਸੀ।