ਨਵੀਂ ਦਿਲੀ 3 ਫਰਵਰੀ ,ਬੋਲੇ ਪੰਜਾਬ ਬਿਊਰੋ :
ਬੀਤੇ ਚਾਰ ਦਿਨਾਂ ਵਿੱਚ ਗ੍ਰੀਸ ਦੇ ਟਾਪੂ ਸੈਂਟੋਰਿਨੀ ਤੇ ਇਸ ਦੇ ਨਾਲ ਲੱਗਦੇ ਖੇਤਰ ਵਿੱਚ 200 ਤੋਂ ਜ਼ਿਆਦਾ ਵਾਰ ਭੂਚਾਲ ਦੇ ਝਟਕੇ ਲੱਗੇ ਹਨ। ਸਭ ਤੋਂ ਜ਼ਬਰਦਸਤ ਝਟਕਾ ਬੀਤੇ ਕੱਲ੍ਹ ਐਤਵਾਰ ਨੂੰ ਦੁਪਹਿਰ 3.55 ਵਜੇ 4.6 ਦੀ ਤੀਬਰਤਾ ਵਾਲਾ ਲੱਗਿਆ ਜਿਸ ਦਾ ਕੇਂਦਰ 14 ਕਿਲੋਮੀਟਰ ਦੀ ਡੂੰਘਾਈ ਉਤੇ ਸੀ। ਇਸ ਤੋਂ ਇਲਾਵਾ 4 ਤੋਂ ਵੱਧ ਤੀਬਰਤਾ ਵਾਲੇ ਕੁਝ ਹੋਰ ਝਟਕੇ ਅਤੇ 3 ਦੀ ਤੀਬਰਤਾਂ ਵਾਲੇ ਤਾਂ ਦਰਜਨਾਂ ਝਟਕੇ ਲੱਗੇ। ਬਚਾਅ ਇਹ ਰਿਹਾ ਹੈ ਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਭੂਚਾਲ ਦੇ ਲੱਗਦੇ ਝਟਕਿਆਂ ਨੂੰ ਦੇਖਦੇ ਹੋਏ ਸੈਂਟਰੋਨਿੀ ਦੇ ਨਾਲ ਨਾਲ ਹੋਰ ਟਾਪੂਆਂ ਅਮੋਗੋਸ, ਅਨਾਫੀ ਅਤੇ ਆਈਓਸ ਵਿੱਚ ਵੀ ਸਕੂਲ ਕਾਲਿਜ ਬੰਦ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਲਗਾਤਾਰ ਲਗ ਰਹੇ ਭੂਚਾਲ ਦੇ ਝਟਕੇ ਚਿੰਤਾ ਦਾ ਕਾਰਨ ਹਨ ਜੋ ਕਿਸੇ ਵੱਡੇ ਭੂਚਾਲ ਦੀ ਚਿਤਾਵਨੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿਖੇ ਗ੍ਰੀਕ ਹਥਿਆਰਬੰਦ ਬਲਾਂ ਦੇ ਮੁਖੀਆਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਤੈਅ ਕੀਤੀ ਗਈ ਸੀ। ਫਾਇਰ ਬ੍ਰਿਗੇਡ ਵਿਭਾਗ ਨੇ ਸ਼ਨੀਵਾਰ ਨੂੰ ਸੁੰਘਣ ਵਾਲੇ ਕੁੱਤਿਆਂ ਦੇ ਨਾਲ ਇੱਕ ਬਚਾਅ ਟੀਮ ਭੇਜੀ। ਅਹਿਤਿਆਤ ਵਜੋਂ ਐਤਵਾਰ ਨੂੰ ਹੋਰ ਬਲ ਭੇਜੇ ਗਏ ਸਨ। ਬਚਾਅ ਕਰਮਚਾਰੀਆਂ ਨੇ ਖੁੱਲ੍ਹੇ ਮੈਦਾਨਾਂ ਵਿੱਚ ਟੈਂਟ ਲਗਾ ਦਿੱਤੇ ਹਨ।