ਨਵੀਂ ਦਿੱਲੀ,1 ਫਰਵਰੀ,ਬੋਲੇ ਪੰਜਾਬ ਬਿਊਰੋ :
ਭਾਜਪਾ ਨੇ 2024 ਦੀਆਂ ਲੋਕਸਭਾ ਚੋਣਾਂ ਵਿਚ 1,737.68 ਕਰੋੜ ਰੁਪਏ ਖਰਚ ਕੀਤੇ। ਪਾਰਟੀ ਵਲੋਂ ਚੋਣ ਕਮਿਸ਼ਨ ਨੂੰ ਪੇਸ਼ ਖਰਚ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦੇ ਮੁਤਾਬਕ, ਕੁੱਲ ਰਾਸ਼ੀ ’ਚੋਂ 884.45 ਕਰੋੜ ਰੁਪਏ ਸਾਧਾਰਨ ਪਾਰਟੀ ਪ੍ਰਚਾਰ ’ਤੇ ਖਰਚ ਕੀਤੇ ਗਏ ਜਦਕਿ 853.23 ਕਰੋੜ ਰੁਪਏ ਉਮੀਦਵਾਰ ਸਬੰਧੀ ਖਰਚਿਆਂ ਲਈ ਅਲਾਟ ਕੀਤੇ ਗਏ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਲਗਪਗ 611.50 ਕਰੋੜ ਰੁਪਏ ਮੀਡੀਆ ਇਸ਼ਤਿਹਾਰਾਂ ’ਤੇ ਖਰਚ ਕੀਤੇ ਗਏ। ਇਸ ਵਿਚ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ’ਚ ਇਸ਼ਤਿਹਾਰਾਂ, ਬਲਕ ਐੱਸਐੱਮਐੱਸ ਅਭਿਆਨ ਤੇ ਕੇਬਲ, ਵੈੱਬਸਾਈਟ ਤੇ ਟੀਵੀ ਚੈਨਲਾਂ ’ਤੇ ਪ੍ਰਚਾਰ ਸਮੱਗਰੀ ਸ਼ਾਮਲ ਸੀ। ਪਾਰਟੀ ਨੇ ਚੋਣ ਪ੍ਰਚਾਰ ਲਈ ਪੋਸਟਰ, ਬੈਨਰ, ਹੋਰਡਿੰਗ ਤੇ ਝੰਡਿਆਂ ’ਤੇ 55.75 ਕਰੋੜ ਦੀ ਰਾਸ਼ੀ ਖਰਚ ਕੀਤੀ। ਇਸਦੇ ਇਲਾਵਾ ਜਨਤਕ ਬੈਠਕ, ਜਲੂਸ ਤੇ ਰੈਲੀਆਂ ’ਤੇ ਭਾਜਪਾ ਦਾ ਖਰਚ 19.84 ਕਰੋੜ ਰੁਪਏ ਦਾ ਰਿਹਾ। ਇਨ੍ਹਾਂ ’ਚ ਮੰਚ, ਆਡੀਓ ਸੈਟਅੱਪ, ਬੈਰੀਕੇਡਸ ਤੇ ਵਾਹਨਾਂ ਦੀ ਵਿਵਸਥਾ ਸ਼ਾਮਲ ਹੈ। ਅਭਿਆਨ ਨਾਲ ਸਬੰਧਤ ਯਾਤਰਾ ਖਰਚ ’ਚ ਪਾਰਟੀ ਦੇ ਬਜਟ ਦਾ ਇਕ ਮਹੱਤਵਪੂਰਣ ਹਿੱਸਾ ਖਰਚ ਕੀਤਾ ਗਿਆ।