ਅੰਮ੍ਰਿਤਸਰ, 31ਜਨਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿਚ ਡਾ. ਅੰਬੇਡਕਰ ਬੁੱਤ ਨਾਲ ਹੋਈ ਛੇੜਛਾੜ ਮਾਮਲੇ ਨਾਲ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ 6 ਮੈਂਬਰੀ ਕਮੇਟੀ ਅੰਮ੍ਰਿਤਸਰ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਘਟਨਾ ਦੀ ਜਾਂਚ ਲਈ ਬ੍ਰਿਜਪਾਲ-ਸੰਸਦ ਮੈਂਬਰ ਰਾਜ ਸਭਾ ਤੇ ਸਾਬਕਾ ਡੀਜੀਪੀ ਉੱਤਰ ਪ੍ਰਦੇਸ਼, ਲਾਲ ਸਿੰਘ ਆਰੀਆ-ਰਾਸ਼ਟਰੀ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ, ਸੋਮ ਪ੍ਰਕਾਸ਼-ਸਾਬਕਾ ਕੇਂਦਰੀ ਮੰਤਰੀ, ਗੁਰਪ੍ਰਕਾਸ਼ ਪਾਸਵਾਨ,-ਰਾਸ਼ਟਰੀ ਬੁਲਾਰਾ, ਅਸੀਮ ਅਰੁਣ-ਮੰਤਰੀ ਉੱਤਰ ਪ੍ਰਦੇਸ਼ ਸਰਕਾਰ ਤੇ ਬੰਤੋ ਦੇਵੀ ਕਟਾਰੀਆ ਅੰਬਾਲਾ ਨੂੰ ਚੁਣਿਆ ਗਿਆ ਹੈ। ਇਹ 6 ਮੈਂਬਰ ਮਿਲ ਕੇ ਪੂਰੀ ਘਟਨਾ ਦੀ ਜਾਂਚ ਕਰਨਗੇ।
ਦੱਸ ਦੇਈਏ ਕਿ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇਕ ਵਫਦ ਨੇ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ। ਵਫਦ ਵਿਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਫਤਿਹ ਸਿੰਘ ਬਾਜਵਾ, ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਕੇਵਲ ਢਿੱਲੋਂ ਆਦਿ ਮੰਗ ਪੱਤਰ ਲੈ ਕੇ ਰਾਜਪਾਲ ਨੂੰ ਮਿਲਣ ਪਹੁੰਚੇ ਸਨ। ਬੀਤੇ ਦਿਨੀਂ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ। ਭਾਜਪਾ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਫੜੇ ਗਏ ਮੁਲਜ਼ਮਾਂ ਤੋਂ ਇਲਾਵਾ ਜਿਸ ਦਾ ਵੀ ਹੱਥ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇ।