ਅੱਜ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ ਇਸ ਦਿਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਸੰਵਿਧਾਨ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਭੀਮ ਰਾਓ ਅੰਬੇਦਕਰ ਨੇ ਬਣਾਇਆ ਸੀ। ਉਨ੍ਹਾਂ ਨੇ ਇਸ ਸੰਵਿਧਾਨ ਦੇ ਵਿੱਚ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾਏ ਸਨ ਤਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਪੜ੍ਹ ਲਿਖ ਨਹੀਂ ਸਕੇ ਉਹਨਾਂ ਨੂੰ ਸਿੱਖਿਆ ਮਿਲੇ ਰੁਜ਼ਗਾਰ ਮਿਲੇ ਇਸ ਰੁਜ਼ਗਾਰ ਦੇ ਨਾਲ ਉਹ ਆਪਣੀ ਚੰਗੀ ਜ਼ਿੰਦਗੀ ਜਿਉ ਸਕਣ।
ਸੰਵਿਧਾਨ ਦੇ ਵਿੱਚ ਮਨੁੱਖੀ ਅਧਿਕਾਰ ਦਿੱਤੇ ਸਨ ਜਿਸ ਵਿੱਚ ਬੋਲਣ ਲਿਖਣ ਦੀ ਆਜ਼ਾਦੀ ਸੀ ਇਸ ਆਜ਼ਾਦੀ ਨੂੰ ਮਾਣਦਿਆਂ ਬਹੁਤ ਸਾਰੀਆਂ ਕਿਤਾਬਾਂ ਤੇ ਭਾਸ਼ਣ ਸਾਡੇ ਇਤਿਹਾਸ ਦਾ ਹਿੱਸਾ ਬਣੇ ਹਨ ਪਰ ਜਦੋਂ ਤੋਂ ਦੇਸ਼ ਭਾਜਪਾ ਦੇ ਹਵਾਲੇ ਹੋਇਆ ਹੈ, ਸਭ ਕੁੱਝ ਖਤਮ ਹੋ ਰਿਹਾ ਹੈ।
ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਇਹ ਵੱਖ ਵੱਖ ਪੜਾਵਾਂ ਚੋਂ ਨਿਕਲਦਾ ਹੋਇਆ ਅੱਜ 75ਵਾਂ ਗਣਤੰਤਰਤਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੀ ਲੜਾਈ ਲੜਦਿਆਂ ਉਹਨਾਂ ਯੋਧਿਆਂ ਸੂਰਵੀਰਾਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਅੱਜ ਦਾ ਦੇਸ਼ ਜਿਹੜਾ ਨਜ਼ਰ ਆ ਰਿਹਾ ਹੈ ਉਹ ਉਹਨਾਂ ਕਦੇ ਚਿੱਤਵਿਆ ਹੀ ਨਹੀਂ ਸੀ। ਉਹ ਤਾਂ ਭਾਰਤ ਮਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਆਪਣੇ ਘਰ ਬਾਰਾਂ ਨੂੰ ਤਿਆਗ ਕੇ ਅੰਗਰੇਜ਼ ਹਕੂਮਤ ਦੇ ਵਿਰੁੱਧ ਖੜੇ ਹੋ ਗਏ ਸਨ। ਉਹਨਾਂ ਨੇ ਲਾਠੀਆਂ ਵੀ ਖਾਧੀਆਂ, ਜੇਲਾਂ ਵੀ ਭੁਗਤੀਆਂ, ਜ਼ਮੀਨ ਤੇ ਜਾਇਦਾਦਾਂ ਦੀਆਂ ਕੁਰਕੀਆਂ ਕਰਵਾਈਆਂ, ਫਾਂਸੀਆਂ ਦੇ ਰੱਸਿਆਂ ਨੂੰ ਵੀ ਚੁੰਮਿਆ ਤੇ ਕਾਲੇ ਪਾਣੀਆਂ ਦਾ ਪਾਣੀ ਵੀ ਪੀਤਾ। ਆਜ਼ਾਦੀ ਦੇ ਇਹਨਾਂ ਪਰਵਾਨਿਆਂ ਨੇ ਕਦੇ ਗੀਤ ਗਾਇਆ ਸੀ ਮੇਰਾ ਰੰਗ ਦੇ ਬਸੰਤੀ ਚੋਲਾ। ਉਨ੍ਹਾਂ ਦਾ ਚੋਲਾ ਤਾਂ ਉਹ ਲੋਕ ਰੰਗ ਗਏ ਜਿਨ੍ਹਾਂ ਨੇ ਕਦੇ ਆਜ਼ਾਦੀ ਦੇ ਸੰਘਰਸ਼ ਵਿੱਚ ਪੈਰ ਵੀ ਨਹੀਂ ਸੀ ਪਾਇਆ।
ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਜਿੱਥੇ ਭਾਰਤ ਵਿੱਚ ਸ਼ੁਰੂ ਹੋਇਆ ਉੱਥੇ ਹੀ ਇਹ ਇੰਗਲੈਂਡ ਦੀ ਧਰਤੀ ਤੋਂ ਸ਼ੁਰੂ ਹੋ ਗਿਆ ਸੀ। ਗਦਰੀ ਬਾਬਿਆਂ ਨੇ ਪੰਜਾਬ ਵਿੱਚ ਆ ਕੇ ਗਦਰ ਮਚਾ ਦਿੱਤਾ ਸੀ ਤੇ ਅੰਗਰੇਜ਼ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਹਕੂਮਤ ਦੀ ਰਾਤਾਂ ਦੀ ਨੀਂਦ ਇਹਨਾਂ ਗਦਰੀ ਬਾਬਿਆਂ ਨੇ ਉਡਾ ਦਿੱਤੀ ਸੀ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਛੋਟੀ ਉਮਰ ਦਾ ਫਾਂਸੀ ਲੱਗਣ ਵਾਲਾ ਯੋਧਾ ਕਰਤਾਰ ਸਿੰਘ ਸਰਾਭਾ ਹੈ, ਜਿਹੜਾ ਪੜ੍ਹਨ ਤਾਂ ਇੰਗਲੈਂਡ ਗਿਆ ਸੀ ਪਰ ਉਥੋਂ ਗਦਰੀ ਬਾਬਿਆਂ ਨੇ ਅਜਿਹੀ ਗੁੜਤੀ ਦਿੱਤੀ ਕਿ ਉਹ ਪੰਜਾਬ ਆ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ।
ਸ਼ਹੀਦ ਕਰਤਾਰ ਸਿੰਘ ਦੇ ਪਦ ਚਿੰਨ੍ਹਾਂ ਉੱਤੇ ਚੱਲਦਾ ਸ਼ਹੀਦੇ ਆਜ਼ਮ ਭਗਤ ਸਿੰਘ ਆਪਣੇ ਸਾਥੀਆਂ ਦੇ ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਠਿਲ੍ਹ ਪਿਆ ਸੀ। ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਇਕੱਤਰ ਕਰਕੇ ਭਾਰਤ ਨੌਜਵਾਨ ਸਭਾ ਬਣਾਈ ਤੇ ਉਨਾਂ ਨੇ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਕਦੇ ਉਹ ਐਕਸ਼ਨ ਕਰਦੇ, ਕਦੇ ਉਹ ਹਥਿਆਰਾਂ ਨੂੰ ਹਾਸਲ ਕਰਨ ਲਈ ਸਰਕਾਰੀ ਖਜ਼ਾਨੇ ਦੀ ਲੁੱਟ ਮਾਰ ਕਰਦੇ, ਕਦੇ ਉਹ ਫੜੇ ਜਾਂਦੇ ਤਸ਼ੱਦਦ ਸਹਿੰਦੇ ਫਾਂਸੀਆਂ ਤੇ ਲਟਕਦੇ ਜਾਂਦੇ।
ਦੇਸ਼ ਆਜ਼ਾਦ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਯੋਧਿਆਂ ਦਾ ਨਾਂ ਕਿਤਾਬਾਂ ਵਿੱਚ ਰਹਿ ਗਿਆ ਤੇ ਪ੍ਰਚਾਰ ਇਹ ਕੀਤਾ ਗਿਆ ਕਿ ਆਜ਼ਾਦੀ ਗਾਂਧੀ ਦੇ ਚਰਖੇ ਦੇ ਨਾਲ ਆਈ ਹੈ। ਇੱਕ ਇਹੀ ਹੋਣੀ ਹੈ ਸਾਡੇ ਸਮਿਆਂ ਦੇ ਵਿੱਚ ਉਹ ਇਤਿਹਾਸ ਜਿਹੜਾ ਵਾਪਰੇ ਹੀ ਨਹੀਂ ਸਾਨੂੰ ਉਹ ਪੜ੍ਹਾਇਆ ਤੇ ਸਿਖਾਇਆ ਜਾ ਰਿਹਾ ਹੈ।
ਆਓ ਤੁਹਾਨੂੰ ਹੁਣ ਵਰਤਮਾਨ ਦੀ ਸਥਿਤੀ ਦਿਖਾਈਏ। ਜਦੋਂ ਤੋਂ ਭਾਰਤ ਵਿੱਚ ਭਾਜਪਾ ਨੇ ਦੇਸ਼ ਦੀ ਬਾਗ ਡੋਰ ਸੰਭਾਲੀ ਹੈ ਤਾਂ ਉਹਨਾਂ ਨੇ ਨਾਅਰਾ ਦਿੱਤਾ ਹੈ ਕਿ ਦੇਸ਼ ਅੱਜ ਆਜ਼ਾਦ ਹੋਇਆ ਹੈ ਜਦਕਿ ਸੱਚ ਹੈ ਹੀ ਕਿ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਦੇਸ਼ ਦੀ ਆਜ਼ਾਦੀ ਵਿੱਚ ਮਾਸਾ ਭਰ ਹਿੱਸਾ ਨਹੀਂ। ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਭਾਰਤੀ ਲੋਕਾਂ ਨੂੰ ਕੇਵਲ ਵੋਟਰ ਬਣਾ ਕੇ ਵਰਤਿਆ ਤੇ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਨਾਅਰੇ ਦੇ ਕੇ ਰਝਾਈ ਰੱਖਿਆ।
ਭਾਜਪਾ ਦੀ ਹਕੂਮਤ ਵੇਲੇ ਹੀ ਭੀੜਤੰਤਰ ਬਣਨਾ ਸ਼ੁਰੂ ਹੋਇਆ। ਇਹ ਭੀੜ ਕਦੇ ਵੀ, ਕਿਤੇ ਵੀ ਹਿੰਸਕ ਹੋ ਜਾਂਦੀ ਤੇ ਤੁਹਾਡੇ ਘਰਾਂ ਦੇ ਚੁੱਲਿਆਂ ਤੱਕ ਪੁੱਜ ਜਾਂਦੀ। ਲਵ ਜਿਹਾਦ ਦੇ ਨਾਂ ਹੇਠ ਜਿਸ ਤਰ੍ਹਾਂ ਦਾ ਤਾਂਡਵ ਨਾਚ ਹਿੰਦੂ ਤਵੀ ਦੇ ਗੁੰਡਿਆਂ ਨੇ ਮੁਸਲਮਮਾਨ ਭਾਈਚਾਰੇ ਦੇ ਨਾਲ ਕੀਤਾ ਉਹ ਕਦੇ ਪਹਿਲਾਂ ਨਹੀਂ ਸੀ ਹੋਇਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਉਨ੍ਹਾਂ ਅਦਾਰਿਆਂ ਨੂੰ ਇੱਕ ਵਿਅਕਤੀ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਤੇ ਦੂਸਰੇ ਪਾਸੇ ਵਰਲਡ ਬੈਂਕ ਤੋਂ ਕਰਜ਼ਾ ਲੈ ਲੈ ਦੇਸ਼ ਨੂੰ ਕਰਜ਼ਾਈ ਬਣਾ ਦਿੱਤਾ। ਇਸ ਸਮੇਂ ਹਰ ਵਿਅਕਤੀ ਇਕ ਕਰੋੜ 60 ਲੱਖ ਦੇ ਕਰਜ਼ੇ ਹੇਠ ਹੈ।
ਦੇਸ਼ ਦੇ ਲੋਕਾਂ ਨੂੰ ਭਾਜਪਾ ਨੇ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਮਗਰ ਲਾਈ ਰੱਖਿਆ। ਇਸ ਸਮੇਂ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੋ ਗਏ ਹਨ। ਭਾਜਪਾ ਹੁਣ ਦੇਸ਼ ਨੂੰ ਇੱਕ ਰਾਸ਼ਟਰ ਇੱਕ ਚੋਣ ਅਧੀਨ ਲਿਆਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਇਸ ਲਈ ਉਹ ਡਾਂਗ ਤੰਤਰ ਅਪਣਾ ਰਹੀ ਹੈ।
ਭਾਰਤੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਬੋਲਣ ਦੀ ਆਜ਼ਾਦੀ ਦੇ ਪਾਬੰਦੀ ਲੱਗੀ ਹੈ ਪਿਛਲੇ ਸਮਿਆਂ ਵਿੱਚ ਬੋਲਣ ਵਾਲਿਆਂ ਨੂੰ ਜਿਹਲਾਂ ਦੀ ਹਵਾ ਖਾਣੀ ਪਈ ਹੈ। ਮੀਡੀਏ ਤੇ ਛਾਪੇ ਪਏ ਅਤੇ ਉਹਨਾਂ ਦੇ ਦਫਤਰਾਂ ਨੂੰ ਸੀਲ ਕੀਤਾ ਗਿਆ ਕਿਉਂਕਿ ਉਹ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਨਸ਼ਰ ਕਰਦੇ ਸਨ।
ਲੋਕਤੰਤਰ ਦੇ ਚਾਰ ਥੰਮ੍ਹ ਹੁੰਦੇ। ਨਿਆ ਪਾਲਿਕਾ ਕਾਰਜ ਪਾਲਿਕਾ ਤੇ ਵਿਧਾਨ ਪਾਲਿਕਾ ਤੇ ਇਹਨਾਂ ਉੱਪਰ ਤਿੱਖੀ ਤੇ ਪੈਨੀ ਨਜ਼ਰ ਰੱਖਣ ਵਾਲਾ ਚੌਥਾ ਥੰਮ੍ਹ ਮੀਡੀਆ ਹੁੰਦਾ ਹੈ। ਭਾਜਪਾ ਦੇ ਡਾਂਗਤੰਤਰ ਨੇ ਮੀਡੀਏ ਨੂੰ ਗੋਦੀ ਮੀਡੀਆ ਬਣਾ ਦਿੱਤਾ ਹੈ।
ਗਣਤੰਤਰ ਦਿਵਸ ਦੇ ਮੌਕੇ ਅੱਜ ਭਾਰਤ ਦੀ ਰਾਸ਼ਟਰਪਤੀ ਲਾਲ ਕਿਲੇ ਉੱਪਰ ਤਿਰੰਗਾ ਝੰਡਾ ਲਹਿਰਾਏਗੀ ਤੇ ਭਾਰਤ ਦੇ ਲੋਕਾਂ ਨੂੰ ਆਪਣੀ ਸਰਕਾਰ ਦੀਆਂ ਉਪਲਬਧੀਆਂ ਦੱਸੇਗੀ ਪਰ ਉਹ ਇਹ ਨਹੀਂ ਦੱਸੇਗੀ ਕਿ ਉਹਨਾਂ ਦੇ ਸਮਿਆਂ ਦੇ ਵਿੱਚ ਕੀ ਕੁੱਝ ਹੋਇਆ ਹੈ ਕਿ ਉਹ ਕਿਵੇਂ ਚੁੱਪ ਚਾਪ ਬੈਠ ਕੇ ਤਮਾਸ਼ਾ ਵੇਖਦੇ ਰਹੇ।
ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਸ਼ਹਿਰਾਂ ਵਿੱਚ ਹਰ ਕੋਈ ਇਸ ਦੇ ਗੁਣਗਾਨ ਕਰੇਗਾ ਪਰ ਕੋਈ ਇਹ ਨਹੀਂ ਦੱਸੇਗਾ ਕਿ ਗਣਤੰਤਰ ਦਿਵਸ ਅੱਜ ਰੋ ਕਿਉਂ ਰਿਹਾ ਹੈ?
ਭਾਜਪਾ ਨੇ ਜਦੋਂ ਦਾ ਇੱਕ ਰਾਸ਼ਟਰ ਇੱਕ ਚੋਣ ਬਣਾਉਣ ਦਾ ਇਰਾਦਾ ਬਣਾਇਆ ਹੈ ਭਾਰਤੀ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਦੂਜੇ ਪਾਸੇ ਦੇਸ਼ ਦੀ ਜੀਡੀਪੀ ਦਿਨੋ ਦਿਨ ਥੱਲੇ ਜਾ ਰਹੀ ਹੈ ਹਾਲਾਤ ਇਹ ਬਣ ਗਏ ਹਨ ਕਿ ਡਾਲਰ ਦੇ ਮੁਕਾਬਲੇ ਰੁਪਈਆ 87 ਰੁਪਏ ਹੋ ਗਿਆ ਹੈ ਤੇ ਭਵਿੱਖ ਵਿੱਚ ਇਹ ਡੇਢ ਸੌ ਰੁਪਏ ਤੱਕ ਜਾਣ ਦੀ ਸੰਭਾਵਨਾ ਆਰਥਿਕ ਮਾਹਰਾਂ ਨੇ ਜਾਹਰ ਕੀਤੀ ਹੈ।
ਗਣਤੰਤਰ ਦਿਵਸ ਮੌਕੇ ਇਹ ਨਹੀਂ ਕੋਈ ਦੱਸੇਗਾ ਕਿ ਵਿਕਾਸ ਦੇ ਨਾਂ ਤੇ ਦੇਸ਼ ਦਾ ਵਿਨਾਸ ਕਿੰਨਾ ਹੋਇਆ ਹੈ ਤੇ ਕਿੰਨੇ ਪੁਲ ਟੁੱਟੇ ਹਨ ਤੇ ਕਿੰਨੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਇਸ ਮੌਕੇ ਕੋਈ ਨਹੀਂ ਦੱਸੇਗਾ ਕਿ 56 ਇੰਚ ਦੀ ਛਾਤੀ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਚੀਨ ਤੋਂ ਕਿਉਂ ਡਰਦਾ ਹੈ? ਦੇਸ਼ ਵਿੱਚ ਚੱਲ ਰਹੀਆਂ ਯੋਜਨਾਵਾਂ ਕਿਉਂ ਲੜ ਖੜਾ ਰਹੀਆਂ ਹਨ ਕਾਂਗਰਸ ਦੀ ਸਰਕਾਰ ਵੇਲੇ ਸ਼ੁਰੂ ਕੀਤੀ ਮਿਡ ਮੀ ਯੋਜਨਾ ਕਿਉਂ ਬੰਦ ਹੋਣ ਕਿਨਾਰੇ ਪਹੁੰਚ ਗਈ ਹੈ?
ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕ ਇੱਕ ਦੂਜੇ ਨੂੰ ਵਧਾਈਆਂ ਤਾਂ ਦੇਣਗੇ ਪਰ ਉਹ ਇਹ ਨਹੀਂ ਦੱਸਣਗੇ ਕਿ ਉਹਨਾਂ ਦੀ ਹਿੱਸੇ ਦਾ ਚੈਨ ਕੌਣ ਖੋਹ ਕੇ ਲੈ ਗਿਆ ਹੈ? ਭਾਰਤੀ ਲੋਕਾਂ ਨੂੰ ਪਿਛਲੇ ਦਹਾਕੇ ਤੋਂ ਡਰ ਦੀ ਗੁੜਤੀ ਦਿੱਤੀ ਜਾ ਰਹੀ ਹੈ ਤੇ ਹਰ ਭਾਰਤੀ ਡਰ ਦੀ ਜ਼ਿੰਦਗੀ ਜਿਉਂਦਾ ਦਿਨ ਕਟੀ ਕਰ ਰਿਹਾ ਹੈ।
ਗਣਤੰਤਰ ਦਿਵਸ ਮੌਕੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਪਰ ਭਾਰਤੀ ਸਰਕਾਰ ਇਸ ਸੰਵਿਧਾਨ ਨੂੰ ਖਤਮ ਕਰਨ ਲਈ ਲਗਾਤਾਰ ਚੋਰ ਮੋਰੀਆਂ ਰਾਹੀਂ ਅਜਿਹੀਆਂ ਨੀਤੀਆਂ ਲਿਆ ਰਹੀ ਹੈ ਤਾਂ ਕਿ ਇੱਕ ਦਿਨ ਉਹ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪੂਰਾ ਕਰ ਸਕਣ।
ਗਣਤੰਤਰ ਦਿਵਸ ਮੌਕੇ ਸੰਵਿਧਾਨ ਸਬੰਧੀ ਵੱਡੀਆਂ ਵੱਡੀਆਂ ਗੱਲਾਂ ਹੋਣਗੀਆਂ। ਲੱਛੇਦਾਰ ਭਾਸ਼ਨ ਹੋਣਗੇ ਤੇ ਭਾਜਪਾ ਵਾਲੇ ਜਿਹੜੇ ਸੰਵਿਧਾਨ ਨੂੰ ਮੰਨਦੇ ਹੀ ਨੇ ਉਹ ਇਸ ਨੂੰ ਬਚਾਉਣ ਦੀਆਂ ਗੱਲਾਂ ਕਰਨਗੇ। ਗਣਤੰਤਰ ਦਿਵਸ ਮੌਕੇ ਇਹ ਨਹੀਂ ਦੱਸਿਆ ਜਾਵੇਗਾ ਕਿ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਭਾਜਪਾ ਲੋਕਾਂ ਦੇ ਸੁਪਨਿਆਂ ਨੂੰ ਕਿਵੇਂ ਖਾ ਰਹੀ ਹੈ ?
ਗਣਤੰਤਰਤਾ ਦਿਵਸ ਭਾਵੇਂ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਹੈ ਜਿਸ ਨੂੰ ਸਾਰਾ ਦੇਸ਼ ਸਜਦਾ ਕਰਦਾ ਹੈ। ਤੇ ਅੱਜ ਦੇ ਦਿਨ ਦੇਸ਼ ਵਿੱਚ ਸੰਵਿਧਾਨ ਦੀਆਂ ਗੱਲਾਂ ਹੋਣਗੀਆਂ ਪਰ ਆਮ ਮਨੁੱਖ ਦੀ ਜ਼ਿੰਦਗੀ ਦਿਨੋਂ ਦਿਨ ਕਿਉਂ ਖਤਮ ਹੁੰਦੀ ਜਾ ਰਹੀ ਹੈ ਇਸ ਬਾਰੇ ਕੋਈ ਗੱਲ ਨਹੀਂ ਕਰੇਗਾ। ਗਣਤੰਤਰ ਦਿਵਸ ਮੁਬਾਰਕ ਹੋਵੇ।
ਬੁੱਧ ਸਿੰਘ ਨੀਲੋਂ
9464370823