ਚੱਲਦੀ ਕਾਰ ਨੂੰ ਲੱਗੀ ਅੱਗ,ਲੋਕਾਂ ਦੀ ਮਿਹਨਤ ਸਦਕਾ ਸੈਂਕੜੇ ਏਕੜ ਕਣਕ ਦੀ ਫ਼ਸਲ ਤਬਾਹ ਹੋਣੋਂ ਬਚੀ

ਚੰਡੀਗੜ੍ਹ ਪੰਜਾਬ


ਖੰਨਾ, 18 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪਿੰਡ ਸ਼ਾਹਪੁਰ ਨੇੜੇ ਬੁੱਧਵਾਰ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਵਾਹਨ ਦਾ ਡਰਾਈਵਰ ਬਚ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਮਨਦੀਪ ਸ਼ਰਮਾ ਵਾਸੀ ਘੁਰਾਣੀ ਸਕੋਡਾ ਕਾਰ ਚਲਾ ਰਿਹਾ ਸੀ। ਉਹ ਮੈਕਡੋਨਲਡ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ।
ਪਿੰਡ ਸ਼ਾਹਪੁਰ ਨੇੜੇ ਉਸ ਨੇ ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਕਾਰ ਰੋਕ ਲਈ। ਮਨਦੀਪ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਲੋਕਾਂ ਨੂੰ ਦਿੱਤੀ। ਉਸ ਸਮੇਂ ਗੁਰਦੁਆਰਾ ਸਾਹਿਬ ‘ਚ ਅਨਾਊਂਸਮੈਂਟ ਕਰਵਾਈ ਗਈ ਅਤੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਹਿੰਮਤ ਜੁਟਾ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਲੋਕਾਂ ਦੀ ਸਖ਼ਤ ਮਿਹਨਤ ਸਦਕਾ ਕਾਰ ਦੇ ਨੇੜੇ ਖੜ੍ਹੀ ਸੈਂਕੜੇ ਏਕੜ ਕਣਕ ਦੀ ਫ਼ਸਲ ਤਬਾਹ ਹੋਣ ਤੋਂ ਬਚ ਗਈ।
ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕਾਫੀ ਸਹਿਯੋਗ ਦਿੱਤਾ, ਜਿਸ ਕਾਰਨ ਫਸਲ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ ਅਤੇ ਕਾਰ ਚਾਲਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਹਾਲਾਂਕਿ ਕਾਰ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।

Leave a Reply

Your email address will not be published. Required fields are marked *