ਲੁਧਿਆਣਾ, 23 ਜਨਵਰੀ,ਬੋਲੇ ਪੰਜਾਬ ਬਿਊਰੋ :
ਹੌਜ਼ਰੀ ਫੈਕਟਰੀ ’ਚ ਕੰਮ ਕਰਦੇ ਪਰਿਵਾਰ ’ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰ ਕੇ ਇਲਾਕੇ ’ਚ ਘੁਮਾਉਣ ਦੇ ਮਾਮਲੇ ’ਚ ਪੁਲਿਸ ਨੇ ਐਕਸ਼ਨ ਲੈ ਲਿਆ ਹੈ। ਇਸ ਮਾਮਲੇ ’ਚ ਫੈਕਟਰੀ ਮਾਲਕ ਤੇ ਉਸ ਦੇ ਦੋ ਵਰਕਰਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਹੀ ਨਹੀਂ, ਇਸ ਸ਼ਰਮਨਾਕ ਘਟਨਾ ਦਾ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦੇ ਹੋਏ ਪੁਲਿਸ ਨੂੰ ਇਸ ਮਾਮਲੇ ਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾ ਬਸਤੀ ਜੋਧੇਵਾਲ ਸਥਿਤ ਏਕਜੋਤ ਨਗਰ ਇਲਾਕੇ ’ਚ ਹੋਈ ਸੀ। ਹੌਜ਼ਰੀ ਫੈਕਟਰੀ ’ਚ ਪਰਿਵਾਰ ਦੇ ਪੰਜ ਮੈਂਬਰ ਕੰਮ ਕਰਦੇ ਹਨ। ਫੈਕਟਰੀ ਮਾਲਕ ਨੇ ਸੀਸੀਟੀਵੀ ’ਚ ਕੱਪੜੇ ਚੋਰੀ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਮਾਂ, ਪੁੱਤਰ ਤੇ ਤਿੰਨ ਧੀਆਂ ਦਾ ਮੂੰਹ ਕਾਲਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਗਲੀਆਂ ’ਚ ਘੁਮਾਇਆ ਸੀ। ਇਸ ਦੌਰਾਨ ਲੋਕ ਤਮਾਸ਼ਾ ਦੇਖਦੇ ਰਹੇ ਤੇ ਕਈ ਸ਼ਰਾਰਤੀ ਨੌਜਵਾਨ ਉਨ੍ਹਾਂ ’ਤੇ ਭੱਦੇ ਕੁਮੈਂਟ ਵੀ ਕਰਦੇ ਦਿਸੇ। ਇਸ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਹੁਣ ਮਾਮਲੇ ’ਚ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਫੈਕਟਰੀ ਮਾਲਕ ਪਲਵਿੰਦਰ ਸਿੰਘ, ਉਨ੍ਹਾਂ ਦੇ ਦੋ ਵਰਕਰਾਂ ਮਨਪ੍ਰੀਤ ਸਿੰਘ ਤੇ ਮੁਹੰਮਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ’ਚ ਰੇਡ ਕੀਤੀ, ਪਰ ਮਾਲਕ ਫ਼ਰਾਰ ਹੋ ਗਿਆ ਜਦਕਿ ਉਸ ਦੇ ਦੋਵਾਂ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।