ਅੰਮ੍ਰਿਤਸਰ, 16 ਜਨਵਰੀ,ਬੋਲੇ ਪੰਜਾਬ ਬਿਊਰੋ :
17 ਜਨਵਰੀ ਨੂੰ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਰਿਲੀਜ਼ ਹੋਣ ਵਾਲੀ ਹੈ। ਇਸ ਨੂੰ ਲੈ ਕੇ SGPC ਵੱਲੋਂ ਰੋਸ ਜਤਾਇਆ ਗਿਆ ਹੈ। SGPC ਦੁਆਰਾ ਇਸ ਫ਼ਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਸੀ.ਐਮ. ਮਾਨ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਜੇਕਰ ਪੰਜਾਬ ਦੇ ਸਿਨੇਮਾਘਰਾਂ ਵਿੱਚ ਇਹ ਫ਼ਿਲਮ ਲਗਦੀ ਹੈ ਤਾਂ ਸਿੱਖ ਕੌਮ ਵਿੱਚ ਰੋਸ ਪੈਦਾ ਹੋਵੇਗਾ। ਇਸ ਕਾਰਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜ ਵਿੱਚ ਇਸ ’ਤੇ ਰੋਕ ਲਗਾਏ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਇਹ ਫ਼ਿਲਮ ਪੰਜਾਬ ਦੇ ਕਿਸੇ ਵੀ ਸਿਨੇਮਾਘਰ ਵਿੱਚ ਦਿਖਾਈ ਗਈ, ਤਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸਦਾ ਸਖ਼ਤ ਵਿਰੋਧ ਕਰੇਗੀ। ਇਸ ਨੂੰ ਲੈ ਕੇ ਉਨ੍ਹਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਮੰਗ ਪੱਤਰ ਭੇਜੇ ਹਨ।