ਬਟਾਲਾ, 16 ਜਨਵਰੀ, ਬੋਲੇ ਪੰਜਾਬ ਬਿਊਰੋ :
ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਦਰਮਿਆਨ ਮੁਠਭੇੜ ਹੋਈ ਹੈ, ਜਿਸ ਵਿੱਚ ਜਵਾਬੀ ਕਾਰਵਾਈ ਦੌਰਾਨ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਬਦਮਾਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਪੁਲਿਸ ਨੇ ਜਦੋਂ ਨਾਕਾਬੰਦੀ ਦੌਰਾਨ ਦੋ ਬਾਈਕ ਸਵਾਰ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸਦੇ ਬਾਅਦ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਬਦਮਾਸ਼ ਰਣਜੀਤ ਸਿੰਘ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਹੈ।
ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਘਟਨਾ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਇਆ ਹੈ, ਜੋ ਕਿ ਇਲਾਜ ਅਧੀਨ ਹੈ। ਦੱਸਣਾ ਲਾਜ਼ਮੀ ਹੈ ਕਿ ਕੁਝ ਸਮੇਂ ਪਹਿਲਾਂ ਬਟਾਲਾ ਵਿੱਚ ਇੱਕ ਵਪਾਰੀ ਦੇ ਘਰ ’ਤੇ ਗ੍ਰਨੇਡ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿੱਚ ਸਖ਼ਤ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਉਕਤ ਬਦਮਾਸ਼ਾਂ ਨਾਲ ਪੁਲਿਸ ਦੀ ਮੁਠਭੇੜ ਹੋਈ, ਜਿਸ ਵਿੱਚ ਇੱਕ ਬਦਮਾਸ਼ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ।