ਤਰਨਤਾਰਨ, 15 ਜਨਵਰੀ, ਬੋਲੇ ਪੰਜਾਬ ਬਿਊਰੋ :
ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰੋਂ 16 ਮੋਬਾਈਲ ਫੋਨ ਤੇ ਅਫੀਮ ਦੀ ਬਰਾਮਦਗੀ ਹੋਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਸਮੇਤ ਵੱਖ ਵੱਖ ਬੈਰਕਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ 25 ਗ੍ਰਾਮ ਅਫੀਮ, ਤਿੰਨ ਸਮਾਰਟ ਅਤੇ ਤਿੰਨ ਕੀਪੈਡ ਵਾਲੇ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਹੀ ਸਹਾਇਕ ਸੁਪਰਡੈਂਟ ਗੁਰਦਿਆਲ ਸਿੰਘ ਨੇ ਦੱਸਿਆ ਕਿ ਲੰਗਰ ਇਕ ਵਿੱਚੋਂ ਕੈਦੀ ਜਸਬੀਰ ਸਿੰਘ ਪਵਨ ਕੋਲੋਂ ਕੀਪੈਡ ਵਾਲਾ ਫੋਨ ਏਅਰਟੈੱਲ ਦੀ ਸਿਮ ਸਮੇਤ ਬਰਾਮਦ ਹੋਇਆ ਹੈ। ਵਾਰਡ ਨੰਬਰ 9 ਦੀ ਬੈਰਕ 2 ਵਿੱਚੋਂ ਕੀਪੈਡ ਵਾਲਾ ਫੋਨ ਬਿਨਾ ਸਿਮ ਤੇ ਬੈਟਰੀ, ਵਾਰਡ ਨੰਬਰ 7 ਦੀ ਬੈਰਕ ਚਾਰ ਵਿਚ ਬੰਦ ਬਿਕਰਮ ਮਸੀਹ ਕੋਲੋਂ ਸਮਾਰਟ ਫੋਨ ਬਿਨਾ ਸਿਮ, ਰਣਜੀਤ ਸਿੰਘ ਰਾਜਾ ਕੋਲੋਂ ਸਮਾਰਟ ਫੋਨ ਸਣੇ ਏਅਰਟੈੱਲ ਦੀ ਸਿਮ, ਵਾਰਡ 8 ਦੀ ਬੈਰਕ 6 ’ਚ ਤਲਾਸ਼ੀ ਦੌਰਾਨ ਹਰਪ੍ਰੀਤ ਸਿੰਘ ਪਿੱਤੂ ਕੋਲੋਂ ਸਮਾਰਟ ਫੋਨ ਸਣੇ ਵੀਆਈ ਦੀ ਸਿਮ ਤੋਂ ਇਲਾਵਾ ਚਾਰ ਸਮਾਰਟ ਤੇ ਇਕ ਕੀਪੈਡ ਵਾਲੇ ਫੋਨ ਦੇ ਨਾਲ ਨਾਲ ਤਿੰਨ ਫੋਨ ਚਾਰਜਰ, 11 ਈਅਰਫੋਨ, 1 ਈਅਰਪੋਡ ਬਰਾਮਦ ਹੋਏ।
ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਇਆ ਸਾਮਾਨ ਸ਼ਿਕਾਇਤ ਪੱਤਰਾਂ ਦੇ ਨਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਵੰਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ’ਤੇ ਦਰਜ ਕੀਤੇ ਕੇਸ ਵਿਚ ਕਰਮਜੀਤ ਸਿੰਘ ਅਤੇ ਜਗਰੂਪ ਸਿੰਘ ਵਾਸੀ ਪਿੰਡ ਵੜਿੰਗ ਸੂਬਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਜਦੋਕਿ ਗੁਰਦਿਆਲ ਸਿੰਘ ਦੀ ਸ਼ਿਕਾਇਤ ’ਤੇ ਜਸਬੀਰ ਸਿੰਘ ਪਵਨ, ਬਿਕਰਮ ਮਸੀਹ ਬਿੱਕਰ, ਰਣਜੀਤ ਸਿੰਘ ਰਾਜਾ ਅਤੇ ਹਰਪ੍ਰੀਤ ਸਿੰਘ ਪਿੱਤੂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।