ਗੁਰਦਾਸਪੁਰ, 13 ਜਨਵਰੀ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੀ ਬੈਂਕ ਆਫ਼ ਬੜੌਦਾ ਸ਼ਾਖਾ ਵਿੱਚ ਇੱਕ ਵੱਡੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਬੈਂਕ ਵਿੱਚ ਕੰਮ ਕਰ ਰਹੇ ਇੱਕ ਕੈਸ਼ਿਅਰ ਨੇ ਖਾਤੇਦਾਰਾਂ ਨਾਲ ਧੋਖਾਧੜੀ ਕੀਤੀ ਹੈ। ਇਸ ਘਟਨਾ ਨੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਹੈ। ਸੰਤ ਨਗਰ ਵਾਸੀ ਰੂਹੀ ਭਗਤ, ਕੁਲਦੀਪ ਕੌਰ, ਰਾਜੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਹਨਾਂ ਨੇ ਬੈਂਕ ਕਰਮਚਾਰੀ ਤਲਜਿੰਦਰ ਸਿੰਘ, ਜੋ ਉਨ੍ਹਾਂ ਦੇ ਮੁਹੱਲੇ ਦਾ ਹੀ ਰਹਿਣ ਵਾਲਾ ਸੀ, ਦੀ ਗੱਲ ਸੁਣੀ ਸੀ ਕਿ ਬੈਂਕ ਵੱਲੋਂ 20 ਪ੍ਰਤੀਸ਼ਤ ਵਿਆਜ ਦੀ ਸਕੀਮ ਹੈ। ਇਸ ਵਿੱਚ ਪੈਸਾ ਲਗਾਉਣ ਲਈ ਉਹਨਾਂ ਨੇ ਚੈਕ ਦਿੱਤੇ। ਪਰ ਕੋਈ ਮੈਸੇਜ ਨਾ ਆਉਣ ’ਤੇ ਉਹ ਬਹਾਨੇ ਬਣਾਉਂਦਾ ਰਿਹਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਕਿਤੇ ਚਲਾ ਗਿਆ ਹੈ।
ਬੈਂਕ ਅਧਿਕਾਰੀ ਪਵਨ ਨੇ ਦੱਸਿਆ ਕਿ ਬੈਂਕ ਵਿੱਚ ਕੰਮ ਕਰ ਰਹੇ ਤਲਜਿੰਦਰ ਨਾਮਕ ਕੈਸ਼ਿਅਰ ਨੇ ਗ੍ਰਾਹਕਾਂ ਤੋਂ ਚੈਕ ਅਤੇ ਨਕਦ ਰਕਮ ਲਈ ਅਤੇ ਉਹਨਾਂ ਨੂੰ ਰਸੀਦਾਂ ਵੀ ਦਿੱਤੀਆਂ। ਪਰ ਉਹ ਜਮ੍ਹਾਂ ਕੀਤੀ ਰਕਮ ਨੂੰ ਗ੍ਰਾਹਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨ ਦੀ ਬਜਾਏ ਆਪਣੀ, ਆਪਣੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰਦਾ ਰਿਹਾ। ਜਦੋਂ ਇਸ ਧੋਖਾਧੜੀ ਦਾ ਪਤਾ ਲੱਗਾ, ਤਾਂ ਬੈਂਕ ਨੇ ਐਸ.ਐਸ.ਪੀ. ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿੱਚ ਤਲਜਿੰਦਰ ਫਿਲਹਾਲ ਫਰਾਰ ਹੈ ਅਤੇ ਪੁਲਿਸ ਉਸ ਦੀ ਖੋਜ ਕਰ ਰਹੀ ਹੈ। ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।