ਡਾਇਰੈਕਟਰ ਮੇਜਰ ਜਨਰਲ ਚੌਹਾਨ ਨੇ ਮੋਹਾਲੀ ਦੇ ਪ੍ਰੀਖਿਆ ਕੇਂਦਰ ਦਾ ਕੀਤਾ ਦੌਰਾ
ਚੰਡੀਗੜ੍ਹ, 12 ਜਨਵਰੀ ,ਬੋਲੇ ਪੰਜਾਬ ਬਿਊਰੋ :
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸ਼ੁਰੂ ਹੋਣ ਵਾਲੇ 15ਵੇਂ ਕੋਰਸ ਲਈ ਅੱਜ ਲਈ ਗਈ ਦਾਖ਼ਲਾ ਪ੍ਰੀਖਿਆ ਵਿੱਚ 3329 ਉਮੀਦਵਾਰ ਬੈਠੇ। ਇਸ ਸਾਲ ਰਿਕਾਰਡ ਗਿਣਤੀ ਵਿੱਚ ਮੁੰਡਿਆਂ (4128) ਵੱਲੋਂ ਇਸ ਦਾਖਲਾ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਈ ਗਈ। ਇਹ ਸਫ਼ਲਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਅਤੇ ਸੰਸਥਾ ਦੀ ਉੱਚ ਸਫਲਤਾ ਸਦਕਾ ਮਿਲੀ।
ਦੱਸਣਯੋਗ ਹੈ ਕਿ ਇਹ ਸੰਸਥਾ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਚੱਲ ਰਹੀ ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ, ਵੀ.ਐਸ.ਐਮ., ਨੇ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ1, ਮੋਹਾਲੀ ਵਿਖੇ ਸਥਾਪਤ ਕੀਤੇ ਪ੍ਰੀਖਿਆ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਇਸ ਦਾਖਲਾ ਪ੍ਰੀਖਿਆ ਲਈ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ1, ਮੋਹਾਲੀ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਕੰਪਲੈਕਸ, ਜਲੰਧਰ ਅਤੇ ਐਮ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਤਿੰਨ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ। ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਨੌਜਵਾਨ ਪ੍ਰੀਖਿਆ ਦੇਣ ਲਈ ਪਹੁੰਚੇ।
ਮੇਜਰ ਜਨਰਲ ਅਜੈ ਐਚ ਚੌਹਾਨ ਨੇ ਕਿਹਾ ਕਿ ਇਸ ਪ੍ਰੀਖਿਆ ਵਿੱਚੋਂ ਚੋਟੀ ਦੇ 150 ਸਫ਼ਲ ਉਮੀਦਵਾਰਾਂ ਨੂੰ ਬਾਅਦ ਵਿੱਚ ਅੰਤਿਮ ਚੋਣ ਪ੍ਰਕਿਰਿਆ ਜਿਵੇਂ ਇੰਟਰਵਿਊ ਅਤੇ ਮੈਡੀਕਲ ਲਈ ਬੁਲਾਇਆ ਜਾਵੇਗਾ ਅਤੇ ਪੰਜਾਬ ਭਰ ‘ਚੋਂ 48 ਉਮੀਦਵਾਰਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਇਸ ਦੇ ਬਰਾਬਰ ਦੀਆਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਇਸ ਸੰਸਥਾ ਦੇ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਸਟਾਫ਼ ਦੀ ਨਿਗਰਾਨੀ ਹੇਠ ਸਿਖਲਾਈ ਲਈ ਚੁਣਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਉਪਰੰਤ ਇਸ ਸੰਸਥਾ ਦੇ ਕੁੱਲ 74 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ ਹਨ। ਇਸ ਤੋਂ ਇਲਾਵਾ 64 ਕੈਡਿਟ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ ਅਤੇ 12 ਕੈਡਿਟ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।