ਝੂਠੇ ਵਾਅਦਿਆਂ ਦੀ ਲੋਹੜੀ ਫੂਕ ਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ- ਅਨੋਖਾ ਪ੍ਰਦਰਸ਼ਨ – ਪਾਰਟੀ ਪ੍ਰਧਾਨ ਦੇ ਘਰ ਅੱਗੇ ਝਾੜੂ ਸੁੱਟ ਕੇ ਲਗਾਇਆ ਝਾੜੂਆਂ ਦਾ ਢੇਰ
ਸੁਨਾਮ, 12 ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 20 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸ਼ੁਰੂ ਕੀਤੇ ਗਏ ਸੰਘਰਸ਼ ਅਧੀਨ ਅੱਜ ਹਜਾਰਾਂ ਕੰਪਿਊਟਰ ਅਧਿਆਪਕਾਂ ਨੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ਼ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਇਕੱਠਾ ਹੁੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਘਰ ਦੇ ਅੱਗੇ ਵਿਸ਼ਾਲ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਜਾਇਜ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਕੰਪਿਊਟਰ ਅਧਿਆਪਕਾਂ ਨੇ ‘ਝੂਠੇ ਵਾਅਦਿਆਂ ਦੀ ਲੋਹੜੀ’ ਬਾਲ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਪਿੱਟ ਸਿਆਪਾ ਕੀਤਾ। ਅੱਜ ਦੇ ਪ੍ਰਦਰਸ਼ਨ ਦੀ ਖ਼ਾਸ ਗੱਲ ਇਹ ਰਹੀ ਕਿ ਸਮੂਹ ਕੰਪਿਊਟਰ ਅਧਿਆਪਕ ਅੱਜ ਵੱਡੀ ਗਿਣਤੀ ਵਿੱਚ ਝਾੜੂ ਲੈਕੇ ਪਾਰਟੀ ਪ੍ਰਧਾਨ ਦੇ ਘਰ ਅੱਗੇ ਪਹੁੰਚੇ,ਪਹਿਲਾਂ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਝਾੜੂ ਫੂਕਣ ਦਾ ਐਲਾਨ ਕੀਤਾ ਗਿਆ ਸੀ ਪਰ ਕਮੇਟੀ ਦੇ ਫੈਸਲੇ ਅਨੁਸਾਰ ਸਮੂਹ ਅਧਿਆਪਕਾਂ ਨੇ ਪਾਰਟੀ ਪ੍ਰਧਾਨ ਦੇ ਘਰ ਅੱਗੇ ਝਾੜੂ ਸੁੱਟਦੇ ਹੋਏ ਆਪਣਾ ਰੋਸ਼ ਜਾਹਿਰ ਕੀਤਾ।
ਇਸ ਮੌਕੇ ਕੰਪਿਊਟਰ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਲਖਵਿੰਦਰ ਸਿੰਘ, ਰਜਵੰਤ ਕੌਰ, ਬਵਲੀਨ ਕੌਰ ਆਦਿ ਦੇ ਨਾਲ ਨਾਲ ਵੱਖ ਵੱਖ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੇ ਨਾਲ ਅਣਮਨੁੱਖੀ ਵਤੀਰਾ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੰਗਰੂਰ ਦੇ ਡੀਸੀ ਦਫਤਰ ਅੱਗੇ 1 ਸਤੰਬਰ 2024 ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਜੋ ਅੱਜ ਵੀ ਜਾਰੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਸਾਥੀ ਜੋਨੀ ਸਿੰਗਲਾ ਵੱਲੋਂ 22 ਦਸੰਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ,
ਜਿਨਾਂ ਨੂੰ 2 ਜਨਵਰੀ ਦੀ ਰਾਤ ਨੂੰ ਪੁਲਿਸ ਵੱਲੋਂ ਜਬਰੀ ਧਰਨਾ ਸਥਾਨ ਤੋਂ ਚੁੱਕ ਕੇ ਰਜਿੰਦਰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਹ ਅੱਜ ਵੀ ਮਰਨ ਵਰਤ ਤੇ ਡਟੇ ਹੋਏ ਹਨ।
ਉਹਨਾਂ ਦਾ ਦੂਜਾ ਕਾਮਰੇਡ ਰਣਜੀਤ ਸਿੰਘ ਸੰਗਰੂਰ ਵਿਖੇ ਧਰਨੇ ਵਾਲੀ ਥਾਂ ਮਰਨ ਵਰਤ ਤੇ ਡਟਿਆ ਹੋਇਆ ਹੈ। ਇਸ ਦੌਰਾਨ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਵਿਧਾਇਕਾਂ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਵਿੱਚ ਉਹਨਾਂ ਨੂੰ ਝੂਠੇ ਲਾਰਿਆਂ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ ਜੋ ਕਿ ਨਿੰਦਣਯੋਗ ਹੈ ਅਤੇ ਜਿਸਦੀ ਅਤੇ ਇਸਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਉਹਨਾਂ ਕਿਹਾ ਕਿ ਪਿਛਲੇ ਲਗਭਗ ਸਾਢੇ ਚਾਰ ਮਹੀਨੇ ਤੋਂ ਸੰਗਰੂਰ ਦੇ ਡੀਸੀ ਦਫਤਰ ਅੱਗੇ ਚੱਲ ਰਹੀ ਭੁੱਖ ਹੜਤਾਲ ਅਤੇ ਮਰਨ ਵਰਤ ਵਿੱਚ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੇ ਲਈ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਨਹੀਂ ਪੁੱਜਾ। ਉਹਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅੱਜ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਪਾਸਾ ਵੱਟ ਰਹੇ ਹਨ। ਕੰਪਿਊਟਰ ਅਧਿਆਪਕਾਂ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਮਰਨ ਵਰਤ ਤੇ ਡਟੇ ਰਹਿਣਗੇ ਅਤੇ ਸੂਬਾ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਜਾਰੀ ਰਹੇਗਾ।
ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਿਰਫ ਮੰਗ ਹੈ ਕਿ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਉਹਨਾਂ ਦੇ ਆਰਡਰਾਂ ਵਿੱਚ ਸਾਰੇ ਦਰਜ ਸਾਰੇ ਲਾਭ ਬਹਾਲ ਕਰਦੇ ਹੋਏ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕੀਤਾ ਜਾਵੇ ਅਤੇ ਜਦੋਂ ਤੱਕ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਦਾ ਸੰਘਰਸ਼ ਬਿਨਾਂ ਰੁਕੇ ਜਾਰੀ ਰਹੇਗਾ।
ਇਸ ਮੌਕੇ ਕੰਪਿਊਟਰ ਅਧਿਆਪਕਾਂ ਦੇ ਨਾਲ ਨਾਲ ਡੈਮੋਕਰੇਟਿਕ ਟੀਚਰਸ ਫਰੰਟ (ਡੀ ਟੀ ਐੱਫ) ਗਵਰਨਮੈਂਟ ਟੀਚਰ ਯੂਨੀਅਨ (ਜੀਟੀਯੂ) ਦੇ ਸੂਬਾਈ ਆਗੂ, ਜਰਮਨਜੀਤ ਸਿੰਘ ਸੂਬਾ ਪ੍ਰਧਾਨ ਡੀਐਮਐਫ, ਹਰਦੀਪ ਸਿੰਘ ਸੂਬਾ ਜਰਨਲ ਸਕੱਤਰ, ਗੁਰਜੀਤ ਘੱਗਾ, ਜੀਟੀਯੂ ਕਰਨੈਲ ਸਿੰਘ, ਰਾਜੀਵ ਬਰਨਾਲਾ ਡੀਟੀਐਫ, ਹਰਦੀਪ ਟੋਡਰਪੁਰ ਡੀਐਮਐਫ ਸੂਬਾ ਸਕੱਤਰ, ਰਾਮ ਸਰੂਪ ਢੈਪਈ, ਮਹਿੰਦਰ ਕੌੜੇਵਾਲੀ, ਤਜਿੰਦਰ ਸਿੰਘ ਨੰਗਲ, ਬਲਜਿੰਦਰ ਸਿੰਘ, ਮਨਧੀਰ ਸਿੰਘ, ਕੁਲਦੀਪ ਸਿੰਘ ਜਮਹੂਰੀ ਅਧਿਕਾਰ ਸਭਾ ਸੰਗਰੂਰ, ਅਮਰੀਕ ਸਿੰਘ ਕਿਸਾਨ ਯੂਨੀਅਨ
ਸੰਬੋਧਨ ਵਿੱਚ ਸੂਬਾ ਸਰਕਾਰ ਦੀ ਜਮ ਕੇ ਨਿਖੇਦੀ ਕੀਤੀ ਅਤੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਐਲਾਨ ਕੀਤਾ।