ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਗੀਰ ਕੌਰ ਵੱਲੋਂ ਬੋਲੇ ਝੂਠ ਦਾ ਕੀਤਾ ਪਰਦਾਫਾਸ਼ ਕੀਤਾ

ਚੰਡੀਗੜ੍ਹ ਪੰਜਾਬ

ਰਾਮ ਰਹੀਮ ਦੀ ਮੁਆਫੀ ਦਾ ਸਮਰਥਨ ਕਰਦੇ ਦੇ ਦੋਵਾਂ ਨੇਤਾਵਾਂ ਦੇ ਵੀਡੀਓ ਸਬੂਤ ਦਿਖਾਏ

ਫ਼ਤਹਿਗੜ੍ਹ ਸਾਹਿਬ/ਚੰਡੀਗੜ੍ਹ, 11 ਜਨਵਰੀ ,ਬੋਲੇ ਪੰਜਾਬ ਬਿਊਰੋ:
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲੇ ਝੂਠ ਲਈ ਉਨ੍ਹਾਂ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ, “ਇਹ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਖੜਕੇ ਸਰਾਸਰ ਝੂਠ ਬੋਲਿਆ ਅਤੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਮੁਆਫੀ ਦਾ ਸਵਾਗਤ ਕੀਤਾ ਸੀ।

ਸਰਬਜੀਤ ਸਿੰਘ ਝਿੰਜਰ ਨੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਵੀਡੀਓ ਦਿਖਾਈ, ਜਿੱਥੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਮੁਆਫ਼ੀ ਦਾ ਸਵਾਗਤ ਨਹੀਂ ਕੀਤਾ, ਜੱਥੇਦਾਰ ਸਾਹਿਬ ਵੱਲੋਂ ਪ੍ਰੈੱਸ ਵਿੱਚ ਅਜਿਹੇ ਬਿਆਨ ਦਿੱਤੇ ਜਾਣ ਦੀ ਗੱਲ ਮੰਨਣ ਲਈ ਕਹਿਣ ਦੇ ਬਾਵਜੂਦ ਵੀ ਉਸਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਬਾਅਦ ‘ਚ ਝਿੰਜਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਦਾ 2015 ਦਾ ਇਕ ਨਿੱਜੀ ਚੈਨਲ ਨੂੰ ਦਿੱਤਾ ਇੰਟਰਵਿਊ ਦਿਖਾਇਆ, ਜਿਸ ‘ਚ ਉਹ ਰਾਮ ਰਹੀਮ ਨੂੰ ‘ਜੀ’ ਕਹਿ ਕੇ ਸੰਬੋਧਿਤ ਕਰਦੇ ਹੋਏ ਦਿੱਖ ਰਿਹਾ ਹੈ ਅਤੇ ਕਿ ਰਿਹਾ ਹੈ ਕਿ ਅਸੀਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਇਨ੍ਹਾਂ ਹੀ ਨਹੀਂ ਵੀਡਿਉ ਵਿੱਚ ਚੰਦੂਮਾਜਰਾ ਨੇ ਉਨ੍ਹਾਂ ਲੋਕਾਂ ਨੂੰ ਵੀ ਤਾੜਨਾ ਕੀਤੀ ਜਿਨ੍ਹਾਂ ਨੇ ਸਵਾਲ ਕੀਤਾ ਸੀ ਕਿ ਡੇਰਾ ਮੁਖੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ ਲਈ ਖ਼ੁਦ ਕਿਉਂ ਨਹੀਂ ਗਿਆ।

ਵੀਡੀਓ ਦਿਖਾਉਂਦੇ ਹੋਏ ਝਿੰਜਰ ਨੇ ਕਿਹਾ, “ਇਹ ਵੀਡੀਓ ਸਪੱਸ਼ਟ ਤੌਰ ‘ਤੇ ਨੰਗਾ ਕਰਦਾ ਹੈ ਕਿ ਕਿਵੇਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਨਾਲ ਝੂਠ ਬੋਲਣ ਵਿੱਚ ਕੋਈ ਸ਼ਰਮ ਨਹੀਂ ਹੈ। ਉਸਨੇ ਸਪੱਸ਼ਟ ਤੌਰ ‘ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੇ ਸਾਹਮਣੇ ਖੜਕੇ ਝੂਠ ਬੋਲਿਆ ਹੈ ਅਤੇ ਫਿਰ ਵੀ ਉਹ ਹੁਣ ਤੱਕ ਬੇਸ਼ਰਮੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਵਿੱਚ ਲੱਗਿਆ ਹੋਇਆ ਹੈ।”

ਯੂਥ ਅਕਾਲੀ ਦਲ ਪ੍ਰਧਾਨ ਨੇ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਵੀ ਦਿਖਾਈ, ਜੋ 2015 ਵਿੱਚ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਹਿ ਰਹੇ ਹਨ ਕਿ ਅਸੀਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ ਅਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ। ਜਦੋਂ ਕਿ ਜਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ 5 ਜਥੇਦਾਰਾਂ ਵੱਲੋਂ ਸਵਾਲ ਕੀਤੇ ਜਾਣ ਦੌਰਾਨ ਦਾਅਵਾ ਕੀਤਾ ਸੀ ਕਿ ਉਸ ਨੇ ‘ਕਦੇ ਵੀ ਫੈਸਲੇ ਦੀ ਹਮਾਇਤ ਨਹੀਂ ਕੀਤੀ, ਸਗੋਂ ਇਸ ਦੀ ਨਿਖੇਧੀ ਕੀਤੀ ਸੀ’, ਜੋ ਕਿ ਹੁਣ ਸਪੱਸ਼ਟ ਤੌਰ ‘ਤੇ ਝੂਠ ਸਾਬਿਤ ਹੋ ਗਿਆ ਹੈ।

ਝਿੰਜਰ ਨੇ ਅੱਗੇ ਕਿਹਾ, “ਇਹ ਨੇਤਾ ਬੇਸ਼ਰਮੀ ਨਾਲ ਸੱਤਾ ਦੇ ਭੁੱਖੇ ਹਨ, ਅਤੇ ਇਹ ਸਪੱਸ਼ਟ ਹੈ ਕਿ ਆਪਣੀ ਚਮੜੀ ਬਚਾਉਣ ਲਈ, ਉਹ ਹਰ ਤਰ੍ਹਾਂ ਦੇ ਝੂਠ ਮਾਰ ਸਕਦੇ ਹਨ, ਇੱਥੋਂ ਤੱਕ ਕਿ ਸਾਡੀ ਸਰਵਉੱਚ ਧਾਰਮਿਕ ਸੰਸਥਾ ਦੇ ਸਾਹਮਣੇ ਵੀ, ਬਿਨਾਂ ਕਿਸੇ ਪਛਤਾਵੇ ਜਾਂ ਡਰ ਤੋਂ।”

ਯੂਥ ਪ੍ਰਧਾਨ ਨੇ ਅੱਗੇ ਕਿਹਾ ਕਿ “ਅਸੀਂ ਇਹ ਵੀਡੀਓ ਸਬੂਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਕੋਲ ਲੈ ਕੇ ਜਾਵਾਂਗੇ ਅਤੇ ਮੰਗ ਕਰਾਂਗੇ ਕਿ ਇਹਨਾਂ ਆਗੂਆਂ ਨੂੰ ਸਿੱਖ ਪੰਥ ਵਿੱਚੋਂ ਛੇਕਿਆ ਜਾਵੇ। ਅਜਿਹੇ ਲੋਕ ਜੋ ਇੰਨੀ ਆਸਾਨੀ ਨਾਲ ਸਰਬਉੱਚ ਅਦਾਲਤ ਦੇ ਸਾਹਮਣੇ ਖੜੇ ਹੋ ਕੇ ਝੂਠ ਬੋਲ ਸਕਦੇ ਹਨ, ਉਨ੍ਹਾਂ ਨੂੰ ਸਿੱਖ ਪੰਥ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।

ਸਰਬਜੀਤ ਸਿੰਘ ਝਿੰਜਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸਰਬਜੀਤ ਸਿੰਘ ਲਾਡੀ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।