ਸੁਪਰੀਮ ਕੋਰਟ ਤੋਂ ਕੀਤੀ ਮੰਗ – ਈਵੀਐਮ ਦੀ ਬਜਾਏ ਵੋਟਿੰਗ ਬੈਲਟ ਪੇਪਰ ਰਾਹੀਂ ਕਰਾਉਂਣ ਅਤੇ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਗੱਲਬਾਤ ਸ਼ੁਰੂ ਕਰਨ ਦੀ ਹਿਦਾਇਤ ਕੀਤੀ ਜਾਵੇ
ਮਾਨਸਾ, 11ਜਨਵਰੀ ,ਬੋਲੇ ਪੰਜਾਬ ਬਿਊਰੋ :
ਅੱਜ ਸਖ਼ਤ ਸਰਦੀ ਤੇ ਬਾਰਿਸ਼ ਵਾਲੇ ਮੌਸਮ ਦੇ ਬਾਵਜੂਦ ਇਥੇ ਸ਼ਹਿਰ ਦੇ ਕੇਂਦਰ ਗੁਰਦੁਆਰਾ ਚੌਂਕ ਵਿਖੇ ਸੰਸਦ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਬਦਲੇ ਖੱਬੇ ਪੱਖੀ, ਦਲਿਤ ਅਤੇ ਮਜ਼ਦੂਰ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ।
ਇਸ ਰੋਸ ਪ੍ਰਦਰਸ਼ਨ ਵਿੱਚ ਮੰਗ ਕੀਤੀ ਗਈ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਖਿਲਾਫ ਅਜਿਹੇ ਹੋਛੇ ਢੰਗ ਨਾਲ ਬੋਲਣ ਤੇ ਉਨ੍ਹਾਂ ਦਾ ਅਪਮਾਨ ਕਰਨ ਬਦਲੇ ਅਮਿਤ ਸ਼ਾਹ ਨੂੰ ਕੇਂਦਰੀ ਮੰਤਰੀ ਮੰਡਲ ਵਿਚੋਂ ਕੱਢਿਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਦਲਿਤ ਸ਼ੋਸ਼ਿਤ ਲੋਕਾਂ ਨੂੰ ਮਨੁੱਖੀ ਸਨਮਾਨ, ਵਿਦਿਆ ਤੇ ਬਰਾਬਰੀ ਦਿਵਾਉਣ ਲਈ ਡਾਕਟਰ ਅੰਬੇਦਕਰ ਨੇ ਜੀਵਨ ਭਰ ਸਖ਼ਤ ਜਦੋਜਹਿਦ ਕੀਤੀ। ਉਨ੍ਹਾਂ ਸੰਵਿਧਾਨ ਵਿੱਚ ਛੂਤ ਛਾਤ ਨੂੰ ਇਕ ਸਜ਼ਾ ਯੋਗ ਅਪਰਾਧ ਕਰਾਰ ਦਿਵਾਇਆ ਅਤੇ ਸਦੀਆਂ ਤੋਂ ਹਰ ਤਰ੍ਹਾਂ ਦੇ ਮਨੁੱਖੀ ਹੱਕਾਂ ਤੋਂ ਵਾਂਝੇ ਕੀਤੇ ਕਰੋੜਾਂ ਲੋਕਾਂ ਲਈ ਇਕ ਸਮਾਨ ਵੋਟ ਤੇ ਰਾਖਵੇਂਕਰਨ ਦੀ ਵੀ ਗਾਰੰਟੀ ਕੀਤੀ, ਪਰ ਉਨ੍ਹਾਂ ਦੇ ਇਹ ਯੋਗਦਾਨ ਅਤੇ ਥੋੜ੍ਹੇ ਅਰਸੇ ਵਿੱਚ ਸਖ਼ਤ ਮਿਹਨਤ ਨਾਲ ਸੰਵਿਧਾਨ ਦੇ ਖਰੜੇ ਨੂੰ ਤਿਆਰ ਅਤੇ ਪ੍ਰਵਾਨ ਕਰਵਾਉਣ ਵਰਗੇ ਮਹਾਨ ਕਾਰਜ ਘੋਰ ਜਾਤੀਵਾਦੀ ਤੇ ਮਨੂੰਵਾਦੀ ਸੰਘੀਆਂ ਨੂੰ ਮੁੱਢ ਤੋਂ ਹੀ ਬੁਰੀ ਤਰ੍ਹਾਂ ਚੁਭਦੇ ਆ ਰਹੇ ਹਨ। ਅਮਿਤ ਸ਼ਾਹ ਦੀ ਅਪਮਾਨਜਨਕ ਟਿੱਪਣੀ ਇੰਨਾਂ ਦੇ ਦਿਲਾਂ ਵਿਚ ਡਾਕਟਰ ਅੰਬੇਦਕਰ ਅਤੇ ਸੰਵਿਧਾਨ ਖਿਲਾਫ ਰਿੱਝ ਰਹੀ ਉਸੇ ਨਫ਼ਰਤ ਦਾ ਪ੍ਰਗਟਾਵਾ ਹਨ। ਇਸ ਅਪਮਾਨ ਦਾ ਬਦਲਾ ਦੇਸ਼ ਦੇ ਸਮੂਹ ਦਲਿਤ ਆਦਿਵਾਸੀ ਮਜ਼ਦੂਰ ਅਤੇ ਲੋਕਤੰਤਰੀ ਸੋਚ ਵਾਲੇ ਸਮੁੱਚੇ ਲੋਕ, ਬੀਜੇਪੀ ਤੇ ਉਸ ਦੇ ਭਾਈਵਾਲਾਂ ਖਿਲਾਫ ਵੋਟ ਦੀ ਚੋਟ ਨਾਲ ਦੇਣਗੇ।
ਇਸ ਰੋਸ ਧਰਨੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਭਾਰਤ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਮਾਨਸਾ, ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਆਗੂ ਵਿਜੇ ਭੀਖੀ, ਸੀਪੀਆਈ ਆਗੂ ਰਤਨ ਭੋਲਾ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਮਾਨਸਾ, ਇਨਕਲਾਬੀ ਨੌਜਵਾਨ ਸਭਾ ਵਲੋਂ ਗਗਨਦੀਪ ਸਿਰਸੀਵਾਲਾ, ਸ਼ਹੀਦ ਭਾਈ ਜੀਵਨ ਸਿੰਘ ਦਲ ਦੇ ਸ਼ਿੰਗਾਰਾ ਸਿੰਘ, ਡਾਕਟਰ ਸੁਰਿੰਦਰ ਸਿੰਘ, ਪੱਤਰਕਾਰ ਆਤਮਾ ਸਿੰਘ ਪਰਮਾਰ, ਕੇਵਲ ਸਿੰਘ, ਬਲਵਿੰਦਰ ਘਰਾਂਗਣਾਂ, ਤਰਸੇਮ ਸਿੰਘ ਬਹਾਦਰਪੁਰ, ਗਾਇਕ ਸੰਤੋਖ ਸਿੰਘ ਬੁਰਜ ਰਾਠੀ, ਧਰਮਪਾਲ ਨੀਟਾ ਭੀਖੀ, ਦਲਵਿੰਦਰ ਸਿੰਘ, ਅੰਬੇਦਕਰ ਰੇਹੜੀ ਯੂਨੀਅਨ ਦੇ ਜਰਨੈਲ ਸਿੰਘ ਵਲੋਂ ਸੰਬੋਧਨ ਕੀਤਾ ਗਿਆ।
ਧਰਨੇ ਵਿੱਚ ਪਾਸ ਕੀਤੇ ਦੋ ਮਤੇ ਪਾਸ ਕਰਕੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਕਿ ਬੀਜੇਪੀ ਵਲੋਂ ਈਵੀਐਮ ਰਾਹੀਂ ਵੋਟਾਂ ਵਿੱਚ ਵੱਡੇ ਪੈਮਾਨੇ ਤੇ ਹੇਰਾਫੇਰੀ ਕਰਕੇ ਚੋਣਾਂ ਲੁੱਟਣ ਦੀ ਰੋਕਥਾਮ ਕਰਨ ਲਈ ਕੇਂਦਰੀ ਚੋਣ ਕਮਿਸ਼ਨ ਦੇ ਗੈਰ ਜਮਹੂਰੀ ਤੇ ਆਪ ਹੁਦਰੇ ਫੈਸਲਿਆਂ ਉਤੇ ਰੋਕ ਲਾਈ ਜਾਵੇ ਅਤੇ ਈਵੀਐਮ ਦੀ ਬਜਾਏ ਕਮਿਸ਼ਨ ਨੂੰ ਮੁੜ ਬੈਲਟ ਪੇਪਰ ਨਾਲ ਵੋਟਿੰਗ ਕਰਾਉਂਣ ਦਾ ਹੁਕਮ ਦਿੱਤਾ ਜਾਵੇ। ਇਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਹਿਦਾਇਤ ਕੀਤੀ ਜਾਵੇ ਕਿ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕਿਸਾਨ ਮੰਗਾਂ ਬਾਰੇ ਅੰਦੋਲਨਕਾਰੀਆਂ ਨਾਲ ਗੱਲਬਾਤ ਤੁਰੰਤ ਸ਼ੁਰੂ ਕੀਤੀ ਜਾਵੇ।