ਮੋਗਾ, 11 ਜਨਵਰੀ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਅਧਿਕਾਰੀ ਅਜੈ ਗਾਂਧੀ ਨੇ ਦੱਸਿਆ ਕਿ ਨਸ਼ਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਨਾਰਕੋਟਿਕ ਸੈਲ ਮੋਗਾ ਨੇ ਢਾਈ ਕਿਲੋ ਅਫੀਮ ਅਤੇ ਕਾਰ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ।
ਨਾਰਕੋਟਿਕ ਡਰੱਗ ਸੈਲ ਮੋਗਾ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਥਾਣੇਦਾਰ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਕਿ ਬਠਿੰਡਾ ਦੇ ਪਿੰਡ ਸੇਖਾ ਕਲਾਂ ਦਾ ਵਸਨੀਕ ਹਰਪਾਲ ਸਿੰਘ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਆਪਣੀ ਕਾਰ ’ਚ ਭਾਰੀ ਮਾਤਰਾ ਵਿੱਚ ਅਫੀਮ ਲੈਕੇ ਬਧਨੀ ਕਲਾਂ ਇਲਾਕੇ ਵਿੱਚ ਆਇਆ ਹੈ ਅਤੇ ਦਾਣਾ ਮੰਡੀ ਬਧਨੀ ਕਲਾਂ ਵਿੱਚ ਆਪਣੀ ਕਾਰ ਵਿੱਚ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਜਾਣਕਾਰੀ ਦੇ ਅਧਾਰ ’ਤੇ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ ਹਰਪਾਲ ਸਿੰਘ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਤੋਂ ਲੱਖਾਂ ਰੁਪਏ ਮੁੱਲ ਦੀ ਢਾਈ ਕਿਲੋ ਅਫੀਮ ਬਰਾਮਦ ਕੀਤੀ ਗਈ।ਮੁਲਜ਼ਮ ਦੇ ਖ਼ਿਲਾਫ਼ ਥਾਣਾ ਬਧਨੀ ਕਲਾਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।