ਪਟਿਆਲਾ, 8 ਜਨਵਰੀ,ਬੋਲੇ ਪੰਜਾਬ ਬਿਊਰੌ :
ਪੰਜਾਬ ਵਿੱਚ ਇੱਕ ਦਿਲ ਦਹਲਾਉਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਭੰਗੜਾ ਪਾ ਰਹੇ ਇੱਕ ਜਵਾਨ ਲੜਕੇ ਦੀ ਸਟੇਜ ਉੱਤੇ ਅਚਾਨਕ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਹਿਚਾਣ ਬੱਬੂ ਦੇ ਰੂਪ ਵਿੱਚ ਹੋਈ ਹੈ, ਜੋ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਦਾ ਰਹਿਣ ਵਾਲਾ ਸੀ।
ਉਸਦੇ ਸਾਥੀ ਕਲਾਕਾਰਾਂ ਨੇ ਦੱਸਿਆ ਕਿ ਪਟਿਆਲਾ ਦੇ ਰਾਜਪੁਰਾ ਸਥਿਤ ਬੇਦੀ ਫਾਰਮ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਇਸ ਦੌਰਾਨ ਭੰਗੜਾ ਪਾਉਂਦਿਆਂ ਬੱਬੂ ਅਚਾਨਕ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਬੱਬੂ ਕਾਫੀ ਸਮੇਂ ਤੋਂ ਭੰਗੜਾ ਪਾਰਟੀ ਨਾਲ ਕੰਮ ਕਰ ਰਿਹਾ ਸੀ। ਉਹ ਅੱਜ ਵੀ ਸਟੇਜ ’ਤੇ ਆਪਣੀ ਪਰਫਾਰਮੈਂਸ ਦੇਣ ਆਇਆ ਸੀ ਪਰ ਅਚਾਨਕ ਉਸਦੀ ਮੌਤ ਹੋ ਗਈ। ਸਾਥੀ ਕਲਾਕਾਰਾਂ ਨੇ ਦੱਸਿਆ ਕਿ ਉਸਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਹੋਰ ਕੋਈ ਸਮੱਸਿਆ ਨਹੀਂ ਸੀ।
ਇਸ ਘਟਨਾ ਦਾ ਕਰੀਬ 20 ਸੈਕਿੰਡ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਭੰਗੜਾ ਪਾਰਟੀ ਦੇ ਮੈਂਬਰ ਸਟੇਜ ’ਤੇ ਭੰਗੜਾ ਪਾ ਰਹੇ ਸਨ। ਉਹ ਇੱਕ ਪੰਜਾਬੀ ਗੀਤ ’ਤੇ ਨੱਚ ਰਹੇ ਸਨ, ਅਚਾਨਕ ਭੰਗੜਾ ਪਾ ਰਿਹਾ ਨੌਜਵਾਨ ਬੱਬੂ ਚੱਕਰ ਖਾ ਕੇ ਡਿੱਗ ਪਿਆ। ਉਸਦੇ ਡਿੱਗਦੇ ਹੀ ਬਾਕੀ ਕਲਾਕਾਰ ਨਚਣਾ ਛੱਡ ਕੇ ਉਸਦੀ ਵੱਲ ਦੌੜ ਪਏ।
ਉਹ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਟੇਜ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਜਾਂਦੇ ਹਨ। ਲੋਕਾਂ ਨੇ ਪਾਣੀ ਛਿੜਕ ਕੇ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ, ਜਿਸਨੂੰ ਤੁਰੰਤ ਨਜਦੀਕੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।