ਨਵੇਂ ਪ੍ਰਾਜੈਕਟਾਂ ਦੀ ਦਫ਼ਤਰੀ ਪ੍ਰਕਿਰਿਆ ਛੇਤੀ ਮੁਕੰਮਲ ਕਰਨ ‘ਤੇ ਦਿੱਤਾ ਜ਼ੋਰ
ਕਿਹਾ, ਪੰਜਾਬ ਸਰਕਾਰ ਸੂਬੇ ਦੇ ਬਹੁ-ਪੱਖੀ ਵਿਕਾਸ ਲਈ ਵਚਨਬੱਧ
ਚੰਡੀਗੜ੍ਹ, 5 ਫਰਵਰੀ ,ਬੋਲੇ ਪੰਜਾਬ ਬਿਓਰੋ:
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਸੂਬੇ ਦੇ ਵਿਭਿੰਨ ਵਿਕਾਸ ਕਾਰਜਾਂ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਹਾਜ਼ਰੀ ਵਿੱਚ ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਪ੍ਰਗਤੀ ਅਧੀਨ ਕੰਮਾਂ ਦੀ ਜਾਇਜ਼ਾ ਮੀਟਿੰਗ ਕਰਦਿਆਂ ਨਵੇਂ ਪ੍ਰਾਜੈਕਟਾਂ ਦੀ ਦਫ਼ਤਰੀ ਪ੍ਰਕਿਰਿਆ ਛੇਤੀ ਮੁਕੰਮਲ ਕਰਨ ‘ਤੇ ਜ਼ੋਰ ਦਿੱਤਾ।
ਅੱਜ ਇਥੇ ਮਿਉਂਸੀਪਲ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਸਵੱਛ ਭਾਰਤ ਅਤੇ ਅਮਰੁੱਤ ਮਿਸ਼ਨ ਅਧੀਨ ਆਉਂਦੇ ਕੰਮਾਂ ਲਈ ਜਾਰੀ ਫੰਡਾਂ, ਕੰਮਾਂ ਦੀ ਮੌਜੂਦਾ ਸਥਿਤੀ, ਖ਼ਰਚ ਕੀਤੇ ਫੰਡਾਂ ਅਤੇ ਬਕਾਇਆ ਫੰਡਾਂ ਦੀ ਵਿਸਤ੍ਰਿਤ ਜਾਣਕਾਰੀ ਲੈਣ ਉਪਰੰਤ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਕਾਸ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਹਿਰਾਂ ਦਾ ਬਹੁ-ਪੱਖੀ ਅਤੇ ਯੋਜਨਾਬੱਧ ਵਿਕਾਸ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ। ਇਸ ਉਦੇਸ਼ ਦੀ ਪੂਰਤੀ ਲਈ ਕੈਬਨਿਟ ਮੰਤਰੀ ਵੱਲੋਂ ਇਕੱਲੀ-ਇਕੱਲੀ ਸਕੀਮ ਵਿੱਚ ਕਵਰ ਹੋਣ ਵਾਲੇ ਕੰਮਾਂ ਦੀ ਪ੍ਰਗਤੀ ਅਤੇ ਬਕਾਇਆ ਫੰਡਾਂ ਬਾਰੇ ਮੁਕੰਮਲ ਜਾਣਕਾਰੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਸਾਂਝੀ ਕੀਤੀ ਗਈ।
ਕੈਬਨਿਟ ਮੰਤਰੀ ਨੇ ਸੀਨੀਅਰ ਅਤੇ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਬਾਰੇ ਸਾਰੀ ਜਾਣਕਾਰੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਸਾਂਝੀ ਕਰਨੀ ਯਕੀਨੀ ਬਣਾਉਣ ਤਾਂ ਜੋ ਆਮ ਜਨਤਾ ਦੀ ਸਹੂਲਤ/ਜ਼ਰੂਰਤ ਮੁਤਾਬਿਕ ਵਿਕਾਸ ਕਾਰਜ ਕਰਵਾਏ ਜਾ ਸਕਣ।
ਮੰਤਰੀ ਬਲਕਾਰ ਸਿੰਘ ਨੇ ਅੱਗੇ ਕਿਹਾ ਕਿ ਜਿਹਨਾਂ ਪ੍ਰਾਜੈਕਟਾਂ ਦੀ ਡੀਪੀਆਰ ਸਟੇਟ ਪੱਧਰੀ ਟੈਕਨੀਕਲ ਕਮੇਟੀ ਤੋਂ ਮੰਜ਼ੂਰ ਹੋ ਚੁੱਕੀ ਹੈ, ਉਹਨਾਂ ਕੰਮਾਂ ਦਾ ਟੈਂਡਰ ਪ੍ਰਕਾਸ਼ਿਤ ਕਰਵਾਕੇ ਜਲਦੀ ਕੰਮ ਸ਼ੁਰੂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਹੋਣ ਵਾਲੀ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਲਈ ਜੇਕਰ ਕਿਸੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਨੂੰ ਨਵੇਂ ਵਿਕਾਸ ਕਾਰਜਾਂ ਲਈ ਵਾਧੂ ਫੰਡਾਂ ਦੀ ਜ਼ਰੂਰਤ ਹੋਵੇ ਤਾਂ ਆਪਣੇ ਹਲਕੇ ਦੇ ਵਿਧਾਇਕ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਐਕਸ਼ਨ ਪਲਾਨ ਸਮੇਤ ਮੁਕੰਮਲ ਤਜਵੀਜ਼ ਤਿਆਰ ਕਰਕੇ ਭੇਜੀ ਜਾਵੇ। ਉਨ੍ਹਾਂ ਨੇ ਇਸ ਗੱਲ ਵੱਲ ਵੀ ਅਧਿਕਾਰੀਆਂ ਨੂੰ ਵਿਸ਼ੇਸ਼ ਧਿਆਨ ਦੇਣ ਲਈ ਆਖਿਆ ਕਿ ਬਕਾਇਆ ਫੰਡਾਂ ਨੂੰ ਵਿਕਾਸ ਕਾਰਜਾਂ ਲਈ ਨਿਰਧਾਰਿਤ ਸਮਾਂ ਸੀਮਾਂ ਵਿੱਚ ਖ਼ਰਚ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਿਰਾਸਤੀ ਰਹਿੰਦ-ਖੂਹੰਦ ਨੂੰ ਵਿਗਿਆਨਕ ਢੰਗ ਨਾਲ ਨਿਪਟਾਇਆ ਜਾਵੇ। ਇਸ ਤੋਂ ਇਲਾਵਾ ਸੁੱਕਾ ਅਤੇ ਗਿੱਲਾ ਕੁੜੇ ਦੀ ਡੋਰ ਟੂ ਡੋਰ ਇਕੱਠਾ ਕਰਕੇ ਸਰੋਤ ਵਾਲੀ ਜਗ੍ਹਾਂ ਤੋ ਹੀ ਵੱਖ-ਵੱਖ ਕਰਕੇ ਐਮ.ਆਰ.ਐਫ ਪਲਾਂਟ ਅਤੇ ਕੰਮਪੋਸਟ ਪਿੱਟਸ ਵਿਖੇ ਪ੍ਰੋਸੈਸਿੰਗ ਲਈ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਸਦੀ ਰੀਸਾਈਕਲਿੰਗ ਉਪਰੰਤ ਇਸ ਦੀ ਖਾਦ ਬਣਾ ਕੇ ਇਸਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਖੇਤਰ ਵਿੱਚ ਸੀਵਰੇਜ ਆਦਿ ਦੀ ਸਫਾਈ ਨੂੰ ਵੀ ਯਕੀਨੀ ਬਣਾਇਆ ਜਾਵੇ।
ਮੰਤਰੀ ਨੇ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਵੱਲ ਜੋਰ ਦਿੰਦਿਆਂ ਅਧਿਕਾਰੀਆਂ ਨੂੰ ਚਿੱਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅੱਕਤੀ ਭ੍ਰਿਸਟਾਚਾਰ ਵਿੱਚ ਲਿੱਪਤ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਸੁਰਤ ਵਿੱਚ ਬਖ਼ਸਿਆ ਨਹੀਂ ਜਾਵੇਗਾ।
ਇਸ ਮੌਕੇ ਮੀਟਿੰਗ ਵਿੱਚ ਵਿਧਾਇਕਾਂ/ਹਲਕਾ ਇੰਚਾਰਜਾਂ ਵਿੱਚ ਅਮਨਸ਼ੇਰ ਸਿੰਘ, ਰਮਨ ਬਹਿਲ, ਸ਼ਮਸ਼ੇਰ ਸਿੰਘ, ਜਗਰੂਪ ਸਿੰਘ, ਗੁਰਦੀਪ ਸਿੰਘ ਰੰਧਾਵਾਂ, ਭਿਪੂੱਤੀ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਕਮਿਸ਼ਨਰ ਨਗਰ ਨਿਗਮ, ਪਠਾਨਕੋਟ ਤੇ ਬਟਾਲਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ਤੇ ਪਠਾਨਕੋਟ ਤੋਂ ਇਲਾਵਾ ਨਗਰ ਕੌਂਸਲ/ਨਗਰ ਪੰਚਾਇਤਾਂ, ਗੁਰਦਾਸਪੁਰ, ਧਾਰੀਵਾਰ, ਦੀਨਾਨਗਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਸੁਜਾਨਪੁਰ ਅਤੇ ਨਰੋਟ ਜੈਮਲ ਸਿੰਘ ਦੇ ਕਾਰਜ ਸਾਧਕ ਅਫਸਰ ਹਾਜ਼ਰ ਸਨ।