ਮੋਹਾਲੀ 30 ਦਸੰਬਰ ਬੋਲੇ ਪੰਜਾਬ ਬਿਊਰੋ :
ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਪਿਛਲੇ ਇੱਕ ਸਾਲ ਤੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਚੱਲ ਰਿਹਾ ਹੈ। ਜਿੱਥੇ ਆਏ ਦਿਨ ਪੁਲਿਸ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਤੋਂ ਦੁਖੀ ਐਸਸੀ ਬੀਸੀ ਸਮਾਜ ਦੇ ਪੀੜਿਤ ਪਰਿਵਾਰ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚ ਰਹੇ ਹਨ। ਅੱਜ ਐਸਸੀ ਬੀਸੀ ਮੋਰਚੇ ਤੇ ਪਿੰਡ ਕੁੰਭੜਾ ਵਿੱਚ ਪਿਛਲੇ ਦਿਨੀਂ ਮਿਤੀ 13 ਨਵੰਬਰ 2024 ਨੂੰ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਹੋਏ ਦੋ ਨੌਜਵਾਨਾਂ ਦਮਨਪ੍ਰੀਤ ਤੇ ਦਿਲਪ੍ਰੀਤ ਦੇ ਮਾਪੇ ਪਹੁੰਚੇ। ਉਨ੍ਹਾਂ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਮਨਪ੍ਰੀਤ ਦੀ ਮ੍ਰਿਤਕ ਦੇ ਰੱਖ ਕੇ ਤਿੰਨ ਦਿਨ ਏਅਰਪੋਰਟ ਰੋਡ ਮੋਹਾਲੀ ਜਾਮ ਕੀਤਾ ਗਿਆ ਸੀ। ਜਿੱਥੇ ਮੋਹਾਲੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ, ਐਸਐਸਪੀ ਮੋਹਾਲੀ, ਐਸਡੀਐਮ ਮੋਹਾਲੀ ਤੇ ਹੋਰ ਉੱਚ ਅਧਿਕਾਰੀ ਪਹੁੰਚੇ ਸਨ। ਜਿਨਾਂ ਅੱਗੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨੂੰ ਇੱਕ ਇੱਕ ਕਰੋੜ ਰੁਪਏ ਮਾਲੀ ਮੱਦਦ, ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਇੱਕ-ਇੱਕ ਸਰਕਾਰੀ ਨੌਕਰੀ ਦੇਣ, ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਪ੍ਰਵਾਸੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ ਕੱਟਣ ਦੀ ਮੰਗ ਕੀਤੀ ਸੀ। ਮੌਕੇ ਆਏ ਉੱਚ ਅਧਿਕਾਰੀਆਂ ਨੇ ਸਭ ਕੁਝ ਮੰਨਦੇ ਹੋਏ ਧਰਨਾ ਚੁਕਵਾਇਆ ਤੇ ਦੋਨੋਂ ਨੌਜਵਾਨਾਂ ਦੇ ਸੰਸਕਾਰ ਕਰਵਾਏ। ਜਿਸ ਵਿੱਚ ਡੀਐਸਪੀ ਹਰਸਿਮਰਨ ਸਿੰਘ ਬੱਲ ਤੇ ਐਸਐਚਓ ਰੁਪਿੰਦਰ ਸਿੰਘ ਥਾਣਾ ਫੇਸ 8 ਨੇ ਦੋਨੋਂ ਪਰਿਵਾਰਾਂ ਤੇ ਇਲਾਕੇ ਦੇ ਮੋਹਤਬਰ ਲੋਕਾਂ ਨੂੰ ਗੁਮਰਾਹ ਕੀਤਾ। ਉਨਾਂ ਨੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਬਜਾਏ ਪਰਿਵਾਰਾਂ ਦੇ ਦੋ ਹਮਦਰਦ ਵਿਅਕਤੀਆਂ ਪਰਮਿੰਦਰ ਸਿੰਘ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਕੁੰਭੜਾ ਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਹੈ। ਜਿਸ ਕਰਕੇ ਮਿਤੀ 9/12/2024 ਨੂੰ ਐਸਐਸਪੀ ਦਫਤਰ ਮੋਹਾਲੀ ਦਾ ਘੇਰਾਓ ਕੀਤਾ ਗਿਆ ਸੀ। ਜਿੱਥੇ ਏਡੀਸੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਇੱਕ ਹਫਤੇ ਦਾ ਸਮਾਂ ਮੰਗਿਆ। ਪਰ 20 ਦਿਨ ਬੀਤ ਜਾਣ ਬਾਅਦ ਵੀ ਕੋਈ ਇਨ੍ਹਾਂ ਦੋਨੋਂ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਨਹੀਂ ਹੋਈ, ਨਾ ਪੀੜਿਤ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ, ਨਾ ਨਜਾਇਜ਼ ਦਰਜ ਕੀਤੇ ਪਰਚੇ ਰੱਦ ਕੀਤੇ ਹਨ ਅਤੇ ਨਾ ਆਜ਼ਾਦ ਘੁੰਮ ਰਹੇ ਦੋ ਕਾਤਲਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਅੱਜ ਦੁਖੀ ਹੋਏ ਦੋਨੋਂ ਪਰਿਵਾਰਾਂ ਨੇ ਫੇਸ 7 ਦੀਆਂ ਲਾਈਟਾਂ ਤੇ ਇੱਕ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।