ਅੰਮ੍ਰਿਤਸਰ, 29 ਦਸੰਬਰ, ਬੋਲੇ ਪੰਜਾਬ ਬਿਊਰੋ :
ਇੱਕ ਪੰਜਾਬੀ ਨੌਜਵਾਨ ਦੀ ਮਨਾਲੀ ਵਿੱਚ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਕਰਣ ਰਤਨ (ਉਮਰ 32 ਸਾਲ), ਪੁੱਤਰ ਨਵੀਨ ਰਤਨ, ਨਿਵਾਸੀ ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਕਰਣ ਆਪਣੇ ਦੋਸਤਾਂ ਦੇ ਨਾਲ ਮਨਾਲੀ ਘੁੰਮਣ ਗਿਆ ਸੀ। ਉਹ ਸੋਲੰਗ ਅਤੇ ਮਨਾਲੀ ਦੇ ਵਿਚਕਾਰ ਬਰੂਆ ਪਿੰਡ ਵਿੱਚ ਇੱਕ ਨਿੱਜੀ ਝੋਂਪੜੀ ਵਿੱਚ ਦੋਸਤਾਂ ਨਾਲ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ, ਕਰਣ ਅਤੇ ਉਸ ਦੇ ਦੋਸਤ ਸਵੇਰੇ ਸੋਲੰਗਨਾਲਾ ਵੱਲ ਨਿਕਲੇ ਸਨ, ਪਰ ਰਸਤੇ ਵਿੱਚ ਅਚਾਨਕ ਕਰਣ ਨੂੰ ਦਿਲ ਦਾ ਦੌਰਾ ਪੈ ਗਿਆ। ਘਬਰਾਏ ਹੋਏ ਦੋਸਤ ਕਰਣ ਨੂੰ ਮਿਸ਼ਨ ਹਸਪਤਾਲ ਲੈ ਕੇ ਗਏ, ਪਰ ਰੋਡ ’ਤੇ ਭਾਰੀ ਟ੍ਰੈਫਿਕ ਜਾਮ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਪਹੁੰਚਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਕਾਫੀ ਦੇਰ ਬਾਅਦ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਕਰਣ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉੱਥੇ ਹੀ ਮਨਾਲੀ ਦੇ ਡੀਐਸਪੀ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਜਨਾਂ ਨੂੰ ਲਾਸ਼ ਸੌਂਪ ਦਿੱਤੀ ਜਾਵੇਗੀ।