ਨਵੀਂ ਦਿੱਲੀ, 28 ਦਸੰਬਰ, ਬੋਲੇ ਪੰਜਾਬ ਬਿਊਰੋ :
ਦੇਸ਼ ’ਚ ਹੇਠਲੇ ਲੈਵਲ ਦੀ ਗੁਣਵੱਤਾ ਵਾਲੀਆਂ ਦਵਾਈਆਂ ਦੇ ਖ਼ਿਲਾਫ਼ ਮੁਹਿੰਮ ਜਾਰੀ ਹੈ ।ਇਸ ਮੁਹਿੰਮ ਦੇ ਤਹਿਤ ਨਵੰਬਰ ’ਚ ਦਵਾਈਆਂ ਦੇ 111 ਸੈਂਪਲ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਸ ਤੋਂ ਇਲਾਵਾ ਜਾਂਚ ’ਚ ਦਵਾਈਆਂ ਦੇ ਦੋ ਸੈਂਪਲ ਨਕਲੀ ਮਿਲੇ। ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਘੱਟ ਗੁਣਵੱਤਾ ਵਾਲੀਆਂ ਤੇ ਨਕਲੀ ਦਵਾਈਆਂ ਦੇ ਮਾਮਲੇ ’ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਅਨੁਸਾਰ ਨਵੰਬਰ ’ਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੇ ਲੈਬੋਰੇਟਰੀ ’ਚ ਜਾਂਚ ’ਚ 41 ਦਵਾਈਆਂ ਦੇ ਸੈਂਪਲ ਮਾਪਦੰਡਾਂ ਤੋਂ ਘੱਟ ਗੁਣਵੱਤਾ ਵਾਲੇ ਮਿਲੇ। ਉਥੇ ਹੀ, ਸੂਬਿਆਂ ’ਚ ਕੀਤੀ ਗਈ ਜਾਂਚ ’ਚ 70 ਦਵਾਈਆਂ ਦੇ ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਸੈਂਪਲ ਖ਼ਾਸ ਬੈਚ ਦੇ ਹਨ, ਜਿਨ੍ਹਾਂ ਨੂੰ ਦੁਕਾਨਾਂ, ਡਿਸਟ੍ਰੀਬਿਊਟਰਾਂ ਤੋਂ ਲੈ ਕੇ ਜਾਂਚ ਕੀਤੀ ਗਈ ਹੈ।