ਮੋਹਾਲੀ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਗ੍ਰੇਟਰ ਸੋਸਾਇਟੀ ਵਿਖੇ ਬੰਦ ਕਮਰੇ ਵਿੱਚ ਅੰਗੀਠੀ ਜਲਾਕੇ ਸੁੱਤੇ ਮਾਂ ਅਤੇ ਬੱਚੇ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੰਜਾਬ ਗ੍ਰੇਟਰ ਸੋਸਾਇਟੀ ਵਿੱਚ ਰਹਿਣ ਵਾਲੇ ਇੱਕ ਮਾਲਕ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਕਿ ਉਸਦੇ ਕੋਲ ਨੇਪਾਲ ਦਾ ਰਹਿਣ ਵਾਲਾ ਦੀਪਕ ਨੌਕਰ ਵਜੋਂ ਕੰਮ ਕਰਦਾ ਹੈ।
ਦੀਪਕ ਆਪਣੀ ਪਤਨੀ ਪਰਸ਼ੁਪਤੀ ਅਤੇ ਡੇਢ ਸਾਲ ਦੇ ਬੱਚੇ ਨਾਲ ਘਰ ਵਿੱਚ ਹੀ ਬਣੇ ਸਰਵੈਂਟ ਕਵਾਰਟਰ ਵਿੱਚ ਰਹਿੰਦਾ ਸੀ। ਸਰਵੈਂਟ ਕਵਾਰਟਰ ਵਿੱਚ ਨੌਕਰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਸੌਣ ਗਿਆ ਤਾਂ ਉਹ ਨਾਲ ਕੋਲੇ ਵਾਲੀ ਅੰਗੀਠੀ ਵੀ ਲੈ ਗਿਆ।ਦੇਰ ਰਾਤ ਜਦ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ, ਤਾਂ ਨੌਕਰ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਜਾਗੇ।
ਕਮਰੇ ਵਿੱਚ ਧੂੰਆ ਹੀ ਧੂੰਆ ਭਰਿਆ ਹੋਇਆ ਸੀ ਅਤੇ ਇਸ ਦੌਰਾਨ ਨੌਕਰ ਵੀ ਬੇਹੋਸ਼ ਹੋ ਗਿਆ। ਮਾਲਕ ਨੇ ਇਸਦੀ ਸੂਚਨਾ ਮੁੱਲਾਂਪੁਰ ਥਾਣਾ ਪੁਲਿਸ ਅਤੇ ਕੰਟਰੋਲ ਰੂਮ ਨੂੰ ਦਿੱਤੀ। ਇਸ ਤੋਂ ਬਾਅਦ ਐੱਸ. ਐਚ. ਓ. ਸਤੇਂਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਘਟਨਾ ਸਥਾਨ ’ਤੇ ਪਹੁੰਚੀ ਅਤੇ ਤਿੰਨੋਂ ਵਿਅਕਤੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਅਤੇ ਪਤਨੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਦੀਪਕ ਦਾ ਇਲਾਜ ਚੱਲ ਰਿਹਾ ਹੈ।
ਐੱਸ.ਐੱਚ.ਓ. ਮੁੱਲਾਂਪੁਰ ਗਰੀਬਦਾਸ ਸਤੇਂਦਰ ਸਿੰਘ ਨੇ ਦੱਸਿਆ ਕਿ ਪੰਜਾਬ ਗ੍ਰੇਟਰ ਸੋਸਾਇਟੀ ਵਿੱਚ ਸਰਵੈਂਟ ਰੂਮ ਵਿੱਚ ਅੰਗੀਠੀ ਜਲਾਕੇ ਸੌਣ ਕਾਰਨ ਬੱਚੇ ਅਤੇ ਮਾਂ ਦੀ ਮੌਤ ਹੋ ਗਈ, ਜਦਕਿ ਪਿਤਾ ਬੇਹੋਸ਼ ਹੋ ਗਿਆ ਸੀ। ਨੌਕਰ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।