ਤਰਨ ਤਾਰਨ, 26 ਦਸੰਬਰ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਗਰ ਕੋਟ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਦਰਅਸਲ, ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਿੰਡ ਦੀ ਪੰਚਾਇਤ, ਸੰਗਤ ਅਤੇ ਸਮੂਹ ਕਮੇਟੀਆਂ ਵੱਲੋਂ ਕਈ ਮਤੇ ਪਾਸ ਕੀਤੇ ਗਏ ਹਨ।
ਇਨ੍ਹਾਂ ਮਤਿਆਂ ਦੇ ਅਨੁਸਾਰ, ਪਿੰਡ ਵਿੱਚ ਜੋ ਮਸੀਹ ਭਾਈਚਾਰੇ ਦੇ ਲੋਕ ਹਨ, ਉਹਨਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਲਿਜਾਏ ਜਾ ਸਕਦੇ ਅਤੇ ਨਾ ਹੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਜਾਂ ਬੇਨਤੀ ਕਰੇਗਾ।
ਇਸ ਦੇ ਇਲਾਵਾ ਇਹ ਵੀ ਕਿਹਾ ਗਿਆ ਕਿ ਜੇਕਰ ਈਸਾਈ ਭਾਈਚਾਰੇ ਦੇ ਕਿਸੇ ਵਿਅਕਤੀ ਦੇ ਘਰ ਮੌਤ ਹੋ ਜਾਂਦੀ ਹੈ, ਤਾਂ ਉਹ ਸ਼ਮਸ਼ਾਨ ਵਿੱਚ ਅੰਤਿਮ ਸਸਕਾਰ ਕਰ ਸਕਦੇ ਹਨ, ਪਰ ਲਾਸ਼ ਨੂੰ ਦਫਨਾਇਆ ਨਹੀਂ ਜਾ ਸਕਦਾ।ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਮਸੀਹ ਭਾਈਚਾਰੇ ਦੇ ਲੋਕ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਉਸ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕੋਈ ਇਸ਼ਤਿਹਾਰ ਨਹੀਂ ਲਗਾ ਸਕਦੇ, ਪਰ ਉਹ ਆਪਣੇ ਘਰਾਂ ਦੇ ਸਾਹਮਣੇ ਇਸ਼ਤਿਹਾਰ ਲਗਾ ਸਕਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਮਸੀਹ ਭਾਈਚਾਰਾ ਪਿੰਡ ਵਿੱਚ ਕੋਈ ਸ਼ੋਭਾ ਯਾਤਰਾ ਨਹੀਂ ਕੱਢ ਸਕਦਾ।