ਗੁਰਦਾਸਪੁਰ, 22 ਦਸੰਬਰ,ਬੋਲੇ ਪੰਜਾਬ ਬਿਊਰੋ ;
ਡੈਮੋਕ੍ਰੇਟਿਕ ਪੈਨਸ਼ਨਰ ਫਰੰਟ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵੱਲੋਂ ਸਾਂਝੀ ਮੀਟਿੰਗ ਕਰਕੇ 2 ਜਨਵਰੀ 2025 ਨੂੰ ਜ਼ਿਲ੍ਹਾ ਸਿੱਖਿਆ ਦਫਤਰ ਦੇ ਘਿਰਾਓ ਦਾ ਫੈਸਲਾ ਕੀਤਾ ਹੈ। ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਦਫਤਰ ਗੁਰਦਾਸਪੁਰ ਵਿੱਚ ਕੰਮ ਕਾਜ ਲਈ ਆਉਣ ਵਾਲੇ ਲੋਕਾਂ ਦੀ ਖੱਜਲਖੁਆਰੀ ਅਤੇ ਕੰਮਾਂ ਨੂੰ ਬਿਨਾਂ ਵਜ੍ਹਾ ਤੋਂ ਲਟਕਾਉਣ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਗਿਆ।ਜ਼ਿਲ੍ਹਾ ਸਿੱਖਿਆ ਦਫਤਰ ਸਕੈਡਰੰਰੀ ਦੇ ਜੂਨੀਅਰ ਸਹਾਇਕ ਵਲੋਂ ਜਥੇਬੰਦੀ ਦੇ ਸੀਨੀਅਰ ਆਗੂ ਅਮਰਜੀਤ ਸ਼ਾਸਤਰੀ ਨਾਲ ਬਦਕਲਾਮੀ ਕਰਨ ਵਾਲੇ ਜੂਨੀਅਰ ਸਹਾਇਕ ਵਿਰੁੱਧ ਸਿਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਹਾਜ਼ਰ ਮੈਂਬਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੀ ਜਨਰਲ ਸਕੱਤਰ ਬਲਵਿੰਦਰ ਕੌਰ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਰਨਲ ਸਕੱਤਰ ਗੁਰਦਿਆਲ ਚੰਦ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਦੇ ਦਫ਼ਤਰ ਦੇ ਜੂਨੀਅਰ ਸਹਾਇਕ ਗੁਰਜੀਤ ਸਿੰਘ ਖਿਲਾਫ ਕਾਰਵਾਈ ਲਈ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਲੈਕੇ ਪੰਜਾਬ ਦੇ ਸਾਰੇ ਸਿਖਿਆ ਅਧਿਕਾਰੀਆਂ, ਮੁੱਖ ਮੰਤਰੀ ਪੰਜਾਬ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ ਸਨ। ਪਰ ਉਸ ਖਿਲਾਫ ਕੋਈ ਕਾਰਵਾਈ ਨਾ ਹੋਣ ਕਰਕੇ ਜਥੇਬੰਦੀਆਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣ ਦਾ ਰਸਤਾ ਚੁਣਨਾ ਪਿਆ ਹੈ। ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਅਤੇ ਡੀ ਟੀ ਐਫ ਪੰਜਾਬ ਵਲੋਂ ਪਹਿਲਾਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਨੂੰ ਰੋਸ ਪੱਤਰ ਦੇ ਕੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਠੋਸ ਕਾਰਵਾਈ ਕਰਨ ਦੀ ਬਜਾਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਹਨਾ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਜਵਾਬਦੇਹੀ ਨਿਸ਼ਚਤ ਕਰਦਿਆਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਖਿਆ ਕ੍ਰਾਂਤੀ ਲਿਆਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਦਫ਼ਤਰਾਂ ਵਿੱਚ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ। ਆਮ ਸ਼ਹਿਰੀਆਂ ਨੂੰ ਘਰ ਬੈਠੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ । ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਸਰਕਾਰ ਦੇ ਇਸ ਦਾਅਵੇ ਦੀ ਪੋਲ ਖੋਲ੍ਹ ਦਿਆਂ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਨਾਲ ਦੇ ਬਹੁਤ ਸਾਰੇ ਸਾਬਕਾ ਮੁਲਾਜ਼ਮ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਵਿੱਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਨੋਸਨਲ ਤਰੱਕੀ ਦੇ ਹੱਕਦਾਰ ਹਨ। ਪਰ ਦਫ਼ਤਰ ਵਲੋਂ ਹੇਠਲੇ ਅਧਿਕਾਰੀਆਂ ਨੂੰ ਸਪੱਸ਼ਟ ਹਿਦਾਇਤਾਂ ਜਾਰੀ ਨਾ ਕਰਕੇ ਉਨ੍ਹਾਂ ਨੂੰ ਦਫ਼ਤਰੀ ਬਾਬੂਆਂ ਹੱਥੋਂ ਜ਼ਲੀਲ ਕਰਵਾਇਆ ਜਾ ਰਿਹਾ ਹੈ। ਇਸ ਦੀ ਸਪਸ਼ਟ ਮਿਸਾਲ ਉਹਨਾਂ ਦੇ ਕੇਸ ਵਿੱਚ ਸਿੱਧ ਹੋ ਰਹੀ ਹੈ। ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ, ਜਰਨਲ ਸਕੱਤਰ ਅਸ਼ਵਨੀ ਸ਼ਰਮਾ, ਮੀਤ ਪ੍ਰਧਾਨ ਸ੍ਰ ਹਰਭਜਨ ਸਿੰਘ ਮਾਂਗਟ ਅਤੇ ਸਾਬਕਾ ਸੈਂਟਰ ਹੈਡ ਟੀਚਰ ਸੁਰਜੀਤ ਕੁਮਾਰ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਮੰਗ ਕੀਤੀ ਹੈ ਕਿ ਉਹ ਨਿੱਜੀ ਤੌਰ ਧਿਆ ਸੀਨੀਅਰ ਸਿਟੀਜਨ ਅਤੇ ਮੁਲਾਜ਼ਮ ਆਗੂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਵਾਲੇ ਜੂਨੀਅਰ ਸਹਾਇਕ ਕਲਰਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 2 ਜਨਵਰੀ ਨੂੰ 11 ਵਜੇ ਗੁਰੂ ਨਾਨਕ ਪਾਰਕ ਇਕੱਠੇ ਹੋ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਘਿਰਾਓ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।