ਫਗਵਾੜਾ, 20 ਦਸੰਬਰ,ਬੋਲੇ ਪੰਜਾਬ ਬਿਊਰੋ :
ਬੀਤੀ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਸ਼ੂਗਰ ਮਿੱਲ ਚੌਕ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਟਰੈਕਟਰ-ਟਰਾਲੀ ਅਤੇ ਟੈਕਸੀ ਦੀ ਸਿੱਧੀ ਟੱਕਰ ਕਾਰਨ ਆਸਟ੍ਰੇਲੀਆ ਵਾਸੀ ਐਨਆਰਆਈ ਦਿਲਪ੍ਰੀਤ ਸਿੰਘ (28) ਅਤੇ ਟੈਕਸੀ ਡਰਾਈਵਰ ਯੁਵਰਾਜ ਮਸੀਹ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਸਿੰਘ ਦੀ ਮਾਤਾ, ਗੁਰਿੰਦਰ ਕੌਰ ਗੰਭੀਰ ਜ਼ਖ਼ਮੀ ਹਨ।
ਹਾਦਸੇ ਦਾ ਕਾਰਨ ਇਕ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਬਣੀ, ਜੋ ਬਿਨਾਂ ਰਿਫਲੈਕਟਰ ਦੇ ਹਾਈਵੇ ‘ਤੇ ਚੱਲ ਰਹੀ ਸੀ। ਟਰੈਕਟਰ ਡਰਾਈਵਰ ਹਾਦਸੇ ਤੋਂ ਬਾਅਦ ਵਾਹਨ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ।ਦਿਲਪ੍ਰੀਤ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਅਤੇ ਉਸ ਦੀ ਮਾਤਾ ਗੁਰਿੰਦਰ ਕੌਰ ਹਾਲ ਹੀ ਵਿੱਚ ਆਸਟ੍ਰੇਲੀਆ ਤੋਂ ਵਾਪਸ ਆਏ ਸਨ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਟੈਕਸੀ ਰਾਹੀਂ ਲੁਧਿਆਣਾ ਜਾ ਰਹੇ ਸਨ।
ਜ਼ਖ਼ਮੀ ਗੁਰਿੰਦਰ ਕੌਰ ਨੂੰ ਪਹਿਲਾਂ ਫਗਵਾੜੇ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਬੇਹੱਦ ਗੰਭੀਰ ਹੋਣ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ।ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਟਰੈਕਟਰ-ਟਰਾਲੀ ਦੇ ਡਰਾਈਵਰ ਦੀ ਤਲਾਸ਼ ਜਾਰੀ ਹੈ।