ਚੰਡੀਗੜ੍ਹ, 19 ਦਸੰਬਰ ,ਬੋਲੇ ਪੰਜਾਬ ਬਿਊਰੋ :
2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਏ ਫੈਸਲਿਆਂ ਤੋਂ ਘਬਰਾ ਕੇ ਉਹਨਾਂ ਨੂੰ ਮੰਨਣ ਤੋਂ ਇਨਕਾਰੀ ਹੋਣ ਦੇ ਬਹਾਨੇ ਲੱਭਣ ਦੀ ਪ੍ਰਕਿਰਿਆ ਵਿੱਚ ਅਕਾਲੀ ਦਲ ਨੇ ਖਰੀਆਂ-ਖਰੀਆਂ ਕਹਿਣ ਵਾਲੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ‘ਬਲੀ ਦਾ ਬੱਕਰਾ’ ਬਣਾਇਆ ਹੈ, ਜਿਸ ਦਾ ਸਿੱਖ ਜਗਤ ਵਿਰੋਧ ਕਰੇ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਸਿੱਖ ਚਿੰਤਕਾਂ/ਬੁੱਧੀਜੀਵੀਆਂ ਨੇ ਅਕਾਲੀ ਦਲ ਦੇ ਕੰਟਰੋਲ ਹੇਠ ਚੱਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਜਾਰੀ ਆਦੇਸ਼ਾਂ ਵਿੱਚ ਸ਼ਾਮਿਲ ਪੰਜ ਜਥੇਦਾਰਾਂ ਵਿੱਚੋਂ ਇਕ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਕੱਲੇ ਨੂੰ ਨਿਸ਼ਾਨਾ ਬਣਾਉਣਾ ਅਸਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਆਭਾ ਨੂੰ ਵੱਡੀ ਸੱਟ ਮਾਰਨਾ ਹੀ ਹੈ।
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੀਤੇ ਖੁਲਾਸੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਜਵਾਬ ਨਹੀਂ ਦਿੱਤਾ। ਜਥੇਦਾਰ ਨੇ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਬਦਲਾਉਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਫੈਸਲਿਆਂ ਨੂੰ ਮੰਨਣ ਤੋਂ ਅਕਾਲੀ ਲੀਡਰ ਆਕੀ ਹਨ। ਪਰ ਉਹ ਫੈਸਲਿਆਂ ਨੂੰ ਬਦਲਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਨਹੀਂ ਹੋਵੇਗਾ।
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਡੱਟ ਕੇ ਖੜ੍ਹੇ ਰਹਿਣ ਕਰਕੇ ਹੀ ਅਕਾਲੀ ਲੀਡਰਾਂ ਨੇ ਉਸ ਵਿਰੁੱਧ ਬਦਲਾਖੋਰੀ ਦੀ ਮੁਹਿੰਮ ਖੜ੍ਹੀ ਕਰ ਦਿੱਤੀ ਹੈ। ਉਸ ਵਿਰੁੱਧ ਦੋ ਦਹਾਕੇ ਪੁਰਾਣੇ ਕੇਸ ਨੂੰ ਸਾਜ਼ਸ਼ੀ ਢੰਗ ਨਾਲ ਆਧਾਰ ਬਣਾ ਲਿਆ ਹੈ। ਜਥੇਦਾਰ ਦੇ ਪੁਰਾਣੇ ਟੁੱਟੇ ਰਿਸ਼ਤੇ ਵਿੱਚੋਂ ਇਕ ਵਿਅਕਤੀ ਤੋਂ ਜਥੇਦਾਰ ਵਿਰੁੱਧ ਬਿਆਨ ਦਵਾਏ ਗਏ ਹਨ। ਅਕਾਲੀ ਦਲ ਦੇ ਆਈ.ਟੀ.ਸੈੱਲ ਨੇ ਸ਼ੋਸਲ ਮੀਡੀਆ ਉੱਤੇ ਜਥੇਦਾਰ ਵਿਰੁੱਧ ਕਿਰਦਾਰਕੁਸ਼ੀ ਦੀ ਮੁਹਿੰਮ ਵਿੱਢ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਦੇ ਜਾਤੀ ਕੇਸ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣਾ ਉਹਨਾਂ ਦੀ ਹੋਰ ਵੱਧ ਚਰਿੱਤਰ-ਹਰਨ ਕਰਨ ਦੀ ਕੋਸ਼ਿਸ਼ ਹੀ ਹੈ।
ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਘਟੀਆਂ ਚਾਲਾਂ ਚੱਲਣ ਦੀ ਬਜਾਇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰੇ ਅਤੇ ਸਿੱਖ ਜਗਤ ਦੀ ਹੋਰ ਨਫ਼ਰਤ ਦਾ ਪਾਤਰ ਬਣਨ ਤੋਂ ਆਪਣੇ ਆਪ ਨੂੰ ਬਚਾਵੇ।
ਸਿੱਖ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵੱਲੋਂ ਜਥੇਦਾਰਾਂ ਨੂੰ ਸਿਆਸੀ ਹਿੱਤਾਂ ਲਈ ਵਰਤਣ ਦੀ ਪੁਰਾਣੀ ਪਿਰਤ ਦਾ ਅੰਤ ਕਰਨ ਲਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਉਸਦੀ ਸਤਿਕਾਰਤ ਪੁਜ਼ੀਸ਼ਨ ਵਿੱਚ ਬਣੇ ਰਹਿਣ ਵਿੱਚ ਆਪਣੀ ਆਵਾਜ਼ ਬੁਲੰਦ ਕਰਨ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।