ਅੰਮ੍ਰਿਤਸਰ, 10 ਦਸੰਬਰ, ਬੋਲੇ ਪੰਜਾਬ ਬਿਊਰੋ :
ਥਾਣਾ ਸੁਲਤਾਨਵਿੰਡ ਪੁਲਿਸ ਨੇ ਲੋਕਾਂ ਨੂੰ ਲੁੱਟਣ ਵਾਲੇ ਇੱਕ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਇੱਕ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਦੀ ਪਛਾਣ 22 ਸਾਲਾ ਗੁਰਦੇਵਨ ਸਿੰਘ ਉਰਫ਼ ਗੁਰੀ ਨਿਵਾਸੀ ਰਾਜਾਸਾਂਸੀ, ਅੰਮ੍ਰਿਤਸਰ ਅਤੇ 28 ਸਾਲਾ ਤਮੰਨਾ ਪਤਨੀ ਸੁਨੀਲ ਸ਼ਰਮਾ ਨਿਵਾਸੀ ਸੰਧੂ ਕਾਲੋਨੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।
ਇਹ ਮਾਮਲਾ ਫਿਰੋਜ਼ਪੁਰ ਦੇ ਨਿਵਾਸੀ ਮੰਗਾ ਸਿੰਘ ਦੇ ਬਿਆਨਾਂ ’ਤੇ ਦਰਜ ਹੋਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਿਕਿਉਰਿਟੀ ਗਾਰਡ ਹੈ ਅਤੇ 2 ਦਸੰਬਰ ਨੂੰ ਆਪਣੀ ਡਿਊਟੀ ਮੁਕਾ ਕੇ ਐਕਟੀਵਾ ’ਤੇ ਸਵਾਰ ਹੋ ਕੇ ਭੂਸ਼ਣਪੁਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਤਾਰਾਂ ਵਾਲੇ ਪੁਲ ਦੇ ਨੇੜੇ ਪਹੁੰਚਿਆ ਤਾਂ ਰੌਂਗ ਸਾਈਡ ਤੋਂ ਆਈ ਕਾਰ ਨੇ ਉਸਦਾ ਰਾਹ ਰੋਕ ਲਿਆ। ਕਾਰ ’ਚੋਂ ਚਾਰ ਵਿਅਕਤੀ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਬਾਹਰ ਆਏ ਅਤੇ ਉਸਦਾ ਮੋਬਾਈਲ ਫੋਨ, ਪਰਸ ਅਤੇ ਐਕਟੀਵਾ ਲੁੱਟ ਕੇ ਭੱਜ ਗਏ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ 8 ਦਸੰਬਰ ਨੂੰ ਮੁਲਜ਼ਮ ਗੁਰਦੇਵ ਸਿੰਘ ਨੂੰ ਡਾਇਮੰਡ ਐਸਟੇਟ ਫਲੈਟਾਂ ’ਚੋਂ ਗ੍ਰਿਫਤਾਰ ਕੀਤਾ। ਉਸਦੇ ਕੋਲੋਂ ਵਾਰਦਾਤ ’ਚ ਵਰਤੀ ਗਈ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਗਈ। ਪੜਤਾਲ ਦੇ ਅਧਾਰ ’ਤੇ, 9 ਦਸੰਬਰ ਨੂੰ ਮਹਿਲਾ ਮੁਲਜ਼ਮ ਤਮੰਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।